96 ਲੱਖ ਦੇ ਸੋਨੇ ਸਣੇ ਦੋ ਫੜੇ

0
89

ਅੰਮਿ੍ਰਤਸਰ : ਕਸਟਮ ਵਿਭਾਗ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਯਾਤਰੀਆਂ ਨੂੰ 960 ਗ੍ਰਾਮ ਸੋਨੇ ਸਮੇਤ ਕਾਬੂ ਕੀਤਾ ਹੈ, ਜਿਸ ਦੀ ਬਾਜ਼ਾਰ ਵਿੱਚ ਕੀਮਤ ਕਰੀਬ 96 ਲੱਖ ਰੁਪਏ ਦੱਸੀ ਜਾਂਦੀ ਹੈ। ਇਹ ਯਾਤਰੀ ਕੋਲਕਾਤਾ ਤੋਂ ਇੰਡੀਗੋ ਦੀ ਉਡਾਣ ਰਾਹੀਂ ਪੁੱਜੇ ਸਨ।
ਆਕਾਸ਼ ਪ੍ਰਾਈਮ ਦੀ ਸਫਲ ਪਰਖ
ਨਵੀਂ ਦਿੱਲੀ : ਭਾਰਤ ਨੇ ਬੁੱਧਵਾਰ ਲੱਦਾਖ ਵਿੱਚ ਆਕਾਸ਼ ਪ੍ਰਾਈਮ ਮਿਜ਼ਾਈਲ ਦੀ ਸਫਲ ਪਰਖ ਕੀਤੀ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ 4500 ਮੀਟਰ ਦੀ ਉੱਚਾਈ ਤੱਕ ਮਾਰ ਕਰਨ ਦੇ ਸਮਰੱਥ ਹੈ। ਇਸ ਮਿਜ਼ਾਈਲ ਨਾਲ ਲੱਦਾਖ ’ਚ ਉੱਚ ਦੂਰੀ ’ਤੇ ਮਨੁੱਖ ਰਹਿਤ ਦੋ ਤੇਜ਼ ਰਫਤਾਰ ਨਿਸ਼ਾਨਿਆਂ ਨੂੰ ਫੁੰਡਿਆ ਗਿਆ। ਮੰਤਰਾਲੇ ਨੇ ਇਸ ਸਫਲ ਅਜ਼ਮਾਇਸ਼ ਨੂੰ ਰੱਖਿਆ ਖੇਤਰ ਲਈ ਮੀਲ ਪੱਥਰ ਦੱਸਿਆ ਹੈ।
ਤਬਲੀਗੀ ਜਮਾਤ ਦੇ 70 ਲੋਕਾਂ ਖਿਲਾਫ ਕੇਸ ਰੱਦ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਵੀਰਵਾਰ ਕੋਵਿਡ-19 ਮਹਾਂਮਾਰੀ ਦੌਰਾਨ ਮਾਰਚ 2020 ਵਿੱਚ ਤਬਲੀਗੀ ਜਮਾਤ ਦੀ ਸੰਗਤ ਦੇ ਵਿਦੇਸ਼ੀ ਹਾਜ਼ਰੀਨ ਦੀ ਮੇਜ਼ਬਾਨੀ ਕਰਨ ਲਈ 70 ਭਾਰਤੀ ਨਾਗਰਿਕਾਂ ਵਿਰੁੱਧ 16 ਕੇਸ ਰੱਦ ਕਰ ਦਿੱਤੇ ਹਨ। ਜਸਟਿਸ ਨੀਨਾ ਬਾਂਸਲ ਕਿ੍ਰਸ਼ਨਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, ‘‘ਚਾਰਜਸ਼ੀਟਾਂ ਰੱਦ ਕਰ ਦਿੱਤੀਆਂ ਗਈਆਂ ਹਨ।’’ ਅਦਾਲਤ ਨੇ 70 ਭਾਰਤੀਆਂ ਨਾਲ ਸੰਬੰਧਤ 16 ਪਟੀਸ਼ਨਾਂ ’ਤੇ ਫੈਸਲਾ ਸੁਣਾਇਆ, ਜਿਨ੍ਹਾਂ ਦੀ ਨੁਮਾਇੰਦਗੀ ਵਕੀਲ ਆਸ਼ਿਮਾ ਮੰਡਲਾ ਨੇ ਕੀਤੀ। ਇਸ ਸੰਬੰਧੀ ਇੱਕ ਵਿਸਤਿ੍ਰਤ ਫੈਸਲੇ ਦੀ ਉਡੀਕ ਹੈ। ਦਿੱਲੀ ਪੁਲਸ ਨੇ ਮਾਰਚ 2020 ਵਿੱਚ ਵਿਦੇਸ਼ੀ ਹਾਜ਼ਰੀਨ ਦੀ ਮੇਜ਼ਬਾਨੀ ਲਈ ਦਰਜ ਐੱਫ ਆਈ ਆਰ ਰੱਦ ਕਰਨ ਦੀਆਂ ਪਟੀਸ਼ਨਾਂ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਦੋਸ਼ੀ ਸਥਾਨਕ ਨਿਵਾਸੀਆਂ ਨੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਆਵਾਜਾਈ ’ਤੇ ਪਾਬੰਦੀ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਨਿਜ਼ਾਮੂਦੀਨ ਮਰਕਜ਼ ਆਏ ਹਾਜ਼ਰੀਨ ਨੂੰ ਪਨਾਹ ਦਿੱਤੀ ਸੀ।