ਗੁਹਾਟੀ : ਆਸਾਮ ਦੇ ਗੋਲਪਾੜਾ ਜ਼ਿਲ੍ਹੇ ਦੇ ਪਾਈਕਾਨ ਰਿਜ਼ਰਵ ਫੋਰੈਸਟ ਵਿੱਚ ਉਜਾੜੇ ਗਏ ਲੋਕਾਂ ਅਤੇ ਪੁਲਸ ਵਿਚਕਾਰ ਹੋਈ ਝੜਪ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੁਲਸ ਕਰਮਚਾਰੀਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ। ਪ੍ਰਸ਼ਾਸਨ ਨੇ ਉੱਥੇ ਹੋਰ ਪੁਲਸ ਭੇਜ ਦਿੱਤੀ ਹੈ।
ਗੋਲਪਾੜਾ ਦੇ ਡੀ ਸੀ ਪ੍ਰਦੀਪ ਤਿਮੁੰਗ ਨੇ ਦੱਸਿਆ ਕਿ ਜੰਗਲਾਤ ਗਾਰਡ ਅਤੇ ਪੁਲਸ ਕਰਮਚਾਰੀ ਜਦੋਂ ਪਾਈਕਾਨ ਰਿਜ਼ਰਵ ਫੋਰੈਸਟ ਦੇ ਇੱਕ ਹਿੱਸੇ ਨੂੰ ਘੇਰਨ ਗਏ ਤਾਂ ਕਥਿਤ ਕਬਜ਼ਾਧਾਰੀਆਂ ਨੇ ਲਾਠੀਆਂ ਨਾਲ ਹਮਲਾ ਕੀਤਾ ਅਤੇ ਉਨ੍ਹਾਂ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਜ਼ਿਲ੍ਹੇ ਦੇ ਕਿ੍ਰਸ਼ਣਾਈ ਰੇਂਜ ਦੇ ਪਾਈਕਾਨ ਰਿਜ਼ਰਵ ਫੋਰੈਸਟ ਵਿੱਚ ਲਗਭਗ 135 ਹੈਕਟੇਅਰ ਖੇਤਰ ਵਿੱਚੋਂ ਕਬਜ਼ਾ ਹਟਾਉਣ ਦੀ ਮੁਹਿੰਮ ਕਾਰਨ 1,080 ਪਰਵਾਰ ਪ੍ਰਭਾਵਤ ਹੋਏ ਹਨ ਅਤੇ ਬੇਦਖਲ ਕੀਤੇ ਗਏ ਲੋਕ ਜ਼ਿਆਦਾਤਰ ਬੰਗਾਲੀ ਬੋਲਣ ਵਾਲੇ ਮੁਸਲਮਾਨ ਸਨ। ਤਿਮੁੰਗ ਨੇ ਕਿਹਾ ਕਿ ਜੰਗਲਾਤ ਵਿਭਾਗ ਇੱਕ ਚੈਨਲ ਪੁੱਟਣਾ ਚਾਹੁੰਦਾ ਸੀ, ਤਾਂ ਜੋ ਭਵਿੱਖ ਵਿੱਚ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਹੋਵੇ। ਇਹ ਕਾਰਵਾਈ ਬੁੱਧਵਾਰ ਸ਼ੁਰੂ ਕੀਤੀ ਗਈ ਅਤੇ ਸ਼ਾਂਤੀਪੂਰਵਕ ਚੱਲੀ, ਪਰ ਜਦੋਂ ਟੀਮ ਵੀਰਵਾਰ ਸਵੇਰੇ ਕੰਮ ਮੁੜ ਸ਼ੁਰੂ ਕਰਨ ਲਈ ਪਹੁੰਚੀ, ਤਾਂ ਇਲਾਕੇ ਦੇ ਲੋਕਾਂ ਨੇ ਪੱਥਰਾਂ ਅਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ਵਿੱਚ ਪੁਲਸ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ’ਤੇ ਹਮਲਾ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ।




