ਫਿਰਕੂ ਫਾਸ਼ੀ ਤਾਕਤਾਂ ਨੂੰ ਹਰਾਉਣ ਲਈ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਜ਼ਰੂਰੀ : ਅਰਸ਼ੀ

0
125

ਮਾਨਸਾ (ਆਤਮਾ ਸਿੰਘ ਪਮਾਰ)
ਦੇਸ਼ ਆਜ਼ਾਦੀ ਤੋਂ ਬਾਅਦ ਸਭ ਤੋਂ ਬੁਰੇ ਦੌਰ ’ਚੋਂ ਗੁਜ਼ਰ ਰਿਹਾ ਹੈ, ਦੇਸ਼ ਦੀ ਸੱਤਾ ’ਤੇ ਕਾਬਜ਼ ਫਿਰਕੂ ਫਾਸ਼ੀਵਾਦੀ ਤਾਕਤਾਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਦਰਕਿਨਾਰ ਕਰਕੇ ਆਪਣੇ ਫਿਰਕੂ ਏਜੰਡੇ ਮੁਤਾਬਕ ਸਾਜ਼ਿਸ਼ੀ ਢੰਗ-ਤਰੀਕੇ ਅਪਣਾ ਕੇ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਤੇ ਔਰਤਾਂ ’ਤੇ ਲਗਾਤਾਰ ਹਮਲੇ ਕਰ ਰਹੀਆਂ ਹਨ, ਸੱਤਾ ਦੇ ਨਸ਼ੇ ’ਚ ਭਾਜਪਾ ਦੇ ਲੀਡਰ ਖੁੱਲ੍ਹੇ ਆਮ ਸੰਵਿਧਾਨ ਵਿੱਚੋਂ ਸਮਾਜਵਾਦ ਤੇ ਸੈਕੂਲਰ ਸ਼ਬਦ ਹਟਾਉਣ ਦਾ ਐਲਾਨ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਵੱਲੋਂ ਕੀਤਾ ਗਿਆ। ਅਰਸ਼ੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਤੀਵਿਧੀਆਂ ਤੋਂ ਸਾਫ ਝਲਕਦਾ ਹੈ ਕਿ ਉਹ ਭਾਰਤੀ ਸੰਵਿਧਾਨ ਨੂੰ ਖਤਮ ਕਰਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵਧ ਰਹੀ ਹੈ ਤੇ ਸੰਵਿਧਾਨਕ ਸੰਸਥਾਵਾਂ, ਜਾਂਚ ਏਜੰਸੀਆਂ ਤੇ ਇਲੈਕਸ਼ਨ ਕਮਿਸ਼ਨ ਪੂਰੀ ਤਰ੍ਹਾਂ ਮੋਦੀ ਸਰਕਾਰ ਦੀ ਜਕੜ ਵਿੱਚ ਆ ਚੁੱਕੀਆਂ ਹਨ।
ਕਮਿਊਨਿਸਟ ਆਗੂ ਨੇ ਕਿਹਾ ਕਿ ਦੇਸ਼ ਨੂੰ ਬਚਾਉਣ, ਭਾਈਚਾਰਕ ਸਦਭਾਵਨਾ ਦੀ ਬਰਕਰਾਰੀ ਕਾਇਮ ਰੱਖਣ ਲਈ ਮੋਦੀ ਸਰਕਾਰ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰਨ ਲਈ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨਾ ਸਿਰਫ ਜ਼ਰੂਰੀ ਹੀ ਨਹੀਂ, ਸਗੋਂ ਅਤਿ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਅਰਸ਼ੀ ਸਬ-ਡਵੀਜ਼ਨ ਸਰਦੂਲਗੜ੍ਹ ਵਿਖੇ ਪਾਰਟੀ ਦੀ 25 ਵੀਂ ਪਾਰਟੀ ਕਾਂਗਰਸ, ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ, ਦੇ ਸੰਬੰਧੀ ਤਿਆਰੀ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ ’ਤੇ ਪਹੁੰਚੇ ਸਨ।
ਇਸ ਮੌਕੇ ਸਬ-ਡਵੀਜ਼ਨ ਵਿੱਚੋਂ ਇੱਕ ਲੱਖ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ ਪਾਰਟੀ ਕਾਂਗਰਸ ਲਈ ਵਰਕਰਾਂ ਵੱਲੋਂ ਇਕੱਤਰ ਕੀਤੀ ਗਈ।
ਉੱਘੇ ਕਮਿਊਨਿਸਟ ਆਗੂ ਦਲੀਪ ਸਿੰਘ ਬਾਜੇ ਵਾਲਾ ਦੇ ਪੋਤੇ ਨੌਜਵਾਨ ਆਗੂ ਐਡਵੋਕੇਟ ਹਰਪ੍ਰੀਤ ਸਿੰਘ ਬਾਜੇ ਵਾਲਾ ਵੱਲੋਂ 21000 ਰੁਪਏ ਪਾਰਟੀ ਕਾਂਗਰਸ ਲਈ ਸਹਿਯੋਗ ਵਜੋਂ ਦਿੱਤੇ ਗਏ।
ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ ਤੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਪਾਰਟੀ ਕਾਂਗਰਸ ਮੌਕੇ 21 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਰੈਲੀ ’ਚ ਮਾਨਸਾ ਜ਼ਿਲ੍ਹੇ ’ਚੋਂ ਇੱਕ ਹਜ਼ਾਰ ਪਾਰਟੀ ਵਰਕਰ ਸ਼ਮੂਲੀਅਤ ਕਰਨਗੇ, ਜਿਸ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਲਗਾਤਾਰ ਚੱਲ ਰਹੀਆਂ ਹਨ।