ਪਟਨਾ : ਰਾਜਧਾਨੀ ਪਟਨਾ ਦੇ ਪਾਰਸ ਹਸਪਤਾਲ ਵਿੱਚ ਵੀਰਵਾਰ ਬਦਨਾਮ ਅਪਰਾਧੀ ਚੰਦਨ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਕਸਰ ਦੇ ਇੰਡਸਟਰੀਅਲ ਪੁਲਸ ਸਟੇਸ਼ਨ ਖੇਤਰ ਦੇ ਸੋਨਬਰਸਾ ਪਿੰਡ ਦੇ ਰਹਿਣ ਵਾਲੇ ਮੰਟੂ ਮਿਸ਼ਰਾ ਦਾ ਪੁੱਤਰ ਚੰਦਨ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਅਤੇ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇੱਥੇ ਜ਼ੇਰੇ-ਇਲਾਜ ਸੀ। ਉਸ ਵਿਰੁੱਧ ਕਈ ਗੰਭੀਰ ਮਾਮਲੇ ਦਰਜ ਸਨ, ਜਿਨ੍ਹਾਂ ਵਿੱਚੋਂ 14 ਸਾਲ ਪਹਿਲਾਂ ਬਕਸਰ ਦੇ ਅਮਲਾ ਟੋਲੀ ਵਿੱਚ ਵਾਪਰਿਆ ਰਾਜੇਂਦਰ ਕੇਸਰੀ ਕਤਲ ਕੇਸ ਵੀ ਸੀ। ਪੰਜ ਹਮਲਾਵਰ ਕਮਰਾ ਨੰਬਰ 209 ਵਿੱਚ ਸਿਰਫ 25 ਸਕਿੰਟਾਂ ਵਿੱਚ ਚੰਦਨ ਨੂੰ ਮਾਰ ਕੇ ਫਰਾਰ ਹੋ ਗਏ। ਪੁਲਸ ਨੇ ਕਮਰੇ ਵਿੱਚੋਂ 12 ਖੋਲ ਬਰਾਮਦ ਕੀਤੇ ਹਨ। ਹਸਪਤਾਲ ਦੇ ਗਾਰਡਾਂ ਸਮੇਤ 12 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ। ਐੱਸ ਐੱਸ ਪੀ ਕਾਰਤਿਕ ਸ਼ਰਮਾ ਨੇ ਕਿਹਾ ਕਿ ਚੰਦਨ ਮਿਸ਼ਰਾ ਦੇ ਵਿਰੋਧੀ ਗਰੁੱਪ ਨੇ ਉਸ ਨੂੰ ਮਾਰਿਆ। ਪੁਲਸ ਮੁਤਾਬਕ ਬਕਸਰ ਵਿੱਚ ਚੰਦਨ-ਸ਼ੇਰੂ ਗੈਂਗ ਦੀ ਦਹਿਸ਼ਤ ਸੀ ਅਤੇ ਬਾਅਦ ਵਿੱਚ ਸ਼ੇਰੂ ਅਤੇ ਚੰਦਨ ਵਿਚਕਾਰ ਦੁਸ਼ਮਣੀ ਹੋ ਗਈ। ਪੁਲਸ ਨੂੰ ਸ਼ੇਰੂ ਖੇਮੇ ’ਤੇ ਕਤਲ ਦਾ ਸ਼ੱਕ ਹੈ।



