ਅੰਮਿ੍ਰਤਸਰ (ਨਰਿੰਦਰ ਜੀਤ ਸਿੰਘ)
ਕਾਊਂਟਰ ਇੰਟੈਲੀਜੈਂਸ (ਸੀ ਆਈ) ਅੰਮਿ੍ਰਤਸਰ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਡਿਊਲ ਦੇ ਸੰਚਾਲਕ ਨੂੰ .30 ਬੋਰ ਦੇ 10 ਆਧੁਨਿਕ ਪਿਸਤੌਲਾਂ ਅਤੇ ਮੈਗਜ਼ੀਨਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਪਿੰਡ ਡੱਲ, ਤਰਨ ਤਾਰਨ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਉਹ ਇੱਕ ਬਦਨਾਮ ਨਸ਼ਾ ਤਸਕਰ ਹੈ, ਜਿਸ ਵਿਰੁੱਧ ਐੱਨ ਡੀ ਪੀ ਐੱਸ ਐਕਟ ਨਾਲ ਸੰਬੰਧਤ ਦੋ ਮਾਮਲੇ ਦਰਜ ਹਨ। ਹਾਲ ਹੀ ਵਿੱਚ ਉਹ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਇਆ ਹੈ।ਇਹ ਸਫ਼ਲਤਾ ਸੀ ਆਈ ਅੰਮਿ੍ਰਤਸਰ ਵੱਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅਜਿਹੇ ਮਡਿਊਲ ਦੇ ਤਿੰਨ ਕਾਰਕੁਨਾਂ ਸਰਬਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਦੋਵੇਂ ਵਾਸੀ ਫਿਰੋਜ਼ਪੁਰ ਅਤੇ ਅਸ਼ਮਨਦੀਪ ਸਿੰਘ ਵਾਸੀ ਤਰਨ ਤਾਰਨ ਨੂੰ ਅੱਠ ਆਧੁਨਿਕ ਹਥਿਆਰਾਂ, 1 ਕਿਲੋ ਹੈਰੋਇਨ ਅਤੇ 2.9 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਸਮੇਤ ਗਿ੍ਰਫ਼ਤਾਰ ਕਰਕੇ ਇਸ ਮਡਿਊਲ ਦਾ ਪਰਦਾ ਫਾਸ਼ ਕਰਨ ਤੋਂ ਪੰਦਰਾਂ ਦਿਨਾਂ ਬਾਅਦ ਹਾਸਲ ਹੋਈ ਹੈ। ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨ ਅਧਾਰਤ ਤਸਕਰ, ਜੋ ਸਰਹੱਦ ਪਾਰੋਂ ਹਥਿਆਰਾਂ ਦੀ ਖੇਪ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਿਹਾ ਹੈ, ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਉਨ੍ਹਾ ਦੱਸਿਆ ਕਿ ਗਿ੍ਰਫ਼ਤਾਰ ਮੁਲਜ਼ਮ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਹਵਾ ਦੇਣ ਦੇ ਇਰਾਦੇ ਨਾਲ ਸੂਬੇ ਭਰ ਦੇ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ। ਡੀ ਜੀ ਪੀ ਨੇ ਕਿਹਾ ਕਿ ਸੀ ਆਈ ਅੰਮਿ੍ਰਤਸਰ ਦੀਆਂ ਟੀਮਾਂ ਨੂੰ ਤਰਨ ਤਾਰਨ ਦੇ ਪਿੰਡ ਡੱਲ ਨੇੜੇ ਪੈਂਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਤੋਂ ਹਥਿਆਰਾਂ ਦੀ ਖੇਪ ਪ੍ਰਾਪਤ ਹੋਣ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਇਸ ਜਾਣਕਾਰੀ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਟੀਮਾਂ ਨੇ ਸ਼ੱਕੀ ਹਰਜਿੰਦਰ ਸਿੰਘ ਨੂੰ ਅੰਮਿ੍ਰਤਸਰ-ਝਬਾਲ ਸੜਕ ’ਤੇ ਬੋਹੜੂ ਪੁਲ ਨੇੜੇ ਰੋਕਿਆ, ਜਦੋਂ ਉਹ ਕਿਸੇ ਪਾਰਟੀ ਨੂੰ ਖੇਪ ਡਲਿਵਰ ਕਰਨ ਜਾ ਰਿਹਾ ਸੀ। ਉਸ ਦੇ ਕਬਜ਼ੇ ਵਿੱਚੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ।





