ਭੀਲ ਪ੍ਰਦੇਸ਼ ਬਣਾਉਣ ਦੀ ਮੰਗ ਫਿਰ ਉੱਭਰੀ

0
89

ਜੈਪੁਰ : ਦੱਖਣੀ ਰਾਜਸਥਾਨ ਤੇ ਨਾਲ ਲੱਗਦੇ ਰਾਜਾਂ ਦੇ ਕਬਾਇਲੀ ਇਲਾਕਿਆਂ ਨੂੰ ਮਿਲਾ ਕੇ ਭੀਲ ਪ੍ਰਦੇਸ਼ ਬਣਾਉਣ ਦੀ ਮੰਗ ਉਭਾਰੀ ਜਾ ਰਹੀ ਹੈ। ਭਾਰਤ ਆਦਿਵਾਸੀ ਪਾਰਟੀ (ਬੀ ਏ ਪੀ) ਦੇ ਬਾਨੀ ਤੇ ਬਾਂਸਵਾੜਾ ਤੋਂ ਲੋਕ ਸਭਾ ਮੈਂਬਰ ਰਾਜ ਕੁਮਾਰ ਰੋਟ ਨੇ ਕਿਹਾ ਹੈ ਕਿ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ 49 ਜ਼ਿਲ੍ਹਿਆਂ ਨੂੰ ਮਿਲਾ ਕੇ ਭੀਲ ਪ੍ਰਦੇਸ਼ ਬਣਾਇਆ ਜਾਵੇ। ਉਨ੍ਹਾ ਕਿਹਾ ਹੈ ਕਿ ਇਹ ਮੰਗ ਆਜ਼ਾਦੀ ਤੋਂ ਪਹਿਲਾਂ ਦੀ ਹੈ ਕਿਉਕਿ ਇਨ੍ਹਾਂ ਖੇਤਰਾਂ ਦੇ ਲੋਕਾਂ ਦਾ ਸੱਭਿਆਚਾਰ, ਭਾਸ਼ਾ, ਬੋਲਚਾਲ ਤੇ ਰਹੁਰੀਤਾਂ ਇੱਕੋ ਜਿਹੀਆਂ ਹਨ। ਰੋਟ ਨੇ ਕਿਹਾ ਕਿ 1913 ਵਿੱਚ ਸਮਾਜ ਸੁਧਾਰਕ ਗੋਵਿੰਦ ਗੁਰੂ ਦੀ ਅਗਵਾਈ ਵਿੱਚ ਭੀਲ ਪ੍ਰਦੇਸ਼ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਵਿੱਚ ਮਾਨਗੜ੍ਹ ’ਚ 1500 ਤੋਂ ਵੱਧ ਕਬਾਇਲੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਭੀਲ ਪ੍ਰਦੇਸ਼ ਨੂੰ ਚਾਰ ਰਾਜਾਂ ਵਿੱਚ ਵੰਡ ਕੇ ਲੋਕਾਂ ਨਾਲ ਬੇਇਨਸਾਫੀ ਕੀਤੀ ਗਈ। ਬੀ ਏ ਪੀ ਦੇ ਕੌਮੀ ਪ੍ਰਧਾਨ ਮੋਹਨ ਲਾਲ ਰੋਟ ਨੇ ਕਿਹਾ ਹੈ ਕਿ ਸੰਵਿਧਾਨ ਦੇ ਆਰਟੀਕਲ 2 ਤੇ 3 ਸੰਸਦ ਨੂੰ ਨਵੇਂ ਰਾਜ ਬਣਾਉਣ ਦੀ ਸ਼ਕਤੀ ਦਿੰਦੇ ਹਨ। ਜਦ ਤਿਲੰਗਾਨਾ, ਝਾਰਖੰਡ, ਉੱਤਰਾਖੰਡ ਤੇ ਛੱਤੀਸਗੜ੍ਹ ਬਣਾਏ ਗਏ ਹਨ ਤਾਂ ਭੀਲ ਪ੍ਰਦੇਸ਼ ਕਿਉ ਨਹੀਂ? ਉਨ੍ਹਾ ਕਿਹਾ ਹੈ ਕਿ ਇਹ ਸਿਰਫ ਬੀ ਏ ਪੀ ਦਾ ਮੁੱਦਾ ਨਹੀਂ, ਖਿੱਤੇ ਦੇ ਲੋਕਾਂ ਦਾ ਮੁੱਦਾ ਹੈ। ਰਾਜਧਾਨੀ ਜੈਪੁਰ ਬਾਂਸਵਾੜਾ ਤੋਂ ਕਰੀਬ 650 ਕਿੱਲੋਮੀਟਰ ਦੂਰ ਹੈ। ਕਾਂਗਰਸ ਤੇ ਭਾਜਪਾ ਕਬਾਇਲੀਆਂ ਦੀ ਨਾਰਾਜ਼ਗੀ ਤੋਂ ਡਰਦੀਆਂ ਇਸ ਮਾਮਲੇ ਵਿੱਚ ਖੁੱਲ੍ਹ ਕੇ ਨਹੀਂ ਬੋਲ ਰਹੀਆਂ।