ਬਠਿੰਡਾ (ਪਰਵਿੰਦਰ ਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜੱਜਾਂ ਦੀ ਨਿਗਰਾਨੀ ਵਿੱਚ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਬੇਅਦਬੀ ਮਾਮਲਿਆਂ ’ਚ ਵਿਰੋਧੀ ਪਾਰਟੀਆਂ ਨੇ ਪੰਜਾਬ ਦੀ ਇੱਕੋ-ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾ ਖੁਲਾਸਾ ਕੀਤਾ ਕਿ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦੀ ਜਾਂਚ ਪੰਜਾਬ ਸਰਕਾਰ ਕਰਨਾ ਚਾਹੁੰਦੀ ਸੀ, ਪਰ ਸੀ ਬੀ ਆਈ ਤੋਂ ਜਾਂਚ ਦੀ ਮੰਗ ਉੱਠਣ ’ਤੇ ਇਹ ਮੰਗ ਮੰਨ ਲਈ ਗਈ। ਉਨ੍ਹਾ ਕਿਹਾ ਕਿ ਇਸੇ ਕਰਕੇ ਅਜੇ ਤੱਕ ਕੋਈ ਵੀ ਦੋਸ਼ੀ ਫੜਿਆ ਨਹੀਂ ਜਾ ਸਕਿਆ। ਉਨ੍ਹਾ ਕਿਹਾ ਕਿ ਸਾਢੇ ਤਿੰਨ ਸਾਲਾਂ ਬਾਅਦ ‘ਆਪ’ ਸਰਕਾਰ ਵੱਲੋਂ ਬੇਅਦਬੀ ਸੰਬੰਧੀ ਕਾਨੂੰਨ ਲਈ ਲਿਆਂਦਾ ਗਿਆ ਬਿੱਲ ਡਰਾਮੇਬਾਜ਼ੀ ਤੋਂ ਵਧ ਕੇ ਕੁਝ ਨਹੀਂ। ਉਨ੍ਹਾ ਕਿਹਾ ਕਿ ਬੇਅਦਬੀ ’ਤੇ ਸਿਆਸਤ ਹਾਲੇ ਤੱਕ ਵੀ ਬੰਦ ਨਹੀਂ ਹੋਈ, ਜਿਸ ਬਾਰੇ ਪੰਜਾਬ ਨੂੰ ਸੋਚਣ ਦੀ ਲੋੜ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ’ਚ ਕਾਂਗਰਸੀ ਆਗੂ ਪਰਗਟ ਸਿੰਘ ਨੇ ਅਤੇ ਇੱਕ ਹੋਰ ਥਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਸੱਚ ਬਿਆਨ ਕੀਤਾ ਹੈ। ਉਨ੍ਹਾ ਦੋਵਾਂ ਆਗੂਆਂ ਤੋਂ ਇਹ ਮੰਗ ਕੀਤੀ ਕਿ ਬੇਅਦਬੀ ਮਾਮਲੇ ’ਚ ਸਿਆਸਤ ਕਰਨ ਵਾਲੇ ਕਾਂਗਰਸੀ ਨੇਤਾਵਾਂ ਦੇ ਨਾਂਅ ਜਨਤਕ ਕੀਤੇ ਜਾਣ। ਉਨ੍ਹਾ ਨਾਲ ਹੀ ਕਿਹਾ ਕਿ ਅਕਾਲ ਤਖਤ ’ਤੇ ਟੈਂਕਾਂ, ਤੋਪਾਂ ਨਾਲ ਹਮਲਾ ਕਰਨ ਵਾਲੀ ਕਾਂਗਰਸ ਵੀ ਬੇਅਦਬੀ ਲਈ ਖੁਦ ਦੋਸ਼ੀ ਹੈ। ਉਨ੍ਹਾ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਜਿੰਨੀਆਂ ਵੀ ਬੇਅਦਬੀਆਂ ਹੋਈਆਂ, ਜੇ ਸਾਫ-ਸੁਥਰੇ ਢੰਗ ਨਾਲ ਜਾਂਚ ਕਰਵਾਈ ਜਾਵੇ ਤਾਂ ਸਭ ਪਿੱਛੇ ‘ਆਪ’ ਦਾ ਹੱਥ ਨਿਕਲੇਗਾ। ਉਨ੍ਹਾ ਮਾਲੇਰਕੋਟਲਾ ’ਚ ਕੁਰਾਨ ਸ਼ਰੀਫ਼ ਦੀ ਬੇਅਦਬੀ ਲਈ ‘ਆਪ’ ਆਗੂ ਨਰੇਸ਼ ਯਾਦਵ ਨੂੰ ਕਥਿਤ ਦੋਸ਼ੀ ਦੱਸਦਿਆਂ ਕਿਹਾ ਕਿ ਹਰਜੋਤ ਸਿੰਘ ਬੈਂਸ ਅਤੇ ਹਰਪਾਲ ਸਿੰਘ ਚੀਮਾ ਵਕੀਲ ਵਜੋਂ ਉਸ ਨੂੰ ਬਚਾਉਣ ਲਈ ਉਸ ਦਾ ਕੇਸ ਲੜਦੇ ਰਹੇ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਵਰਗੀ ਕੁਤਾਹੀ ਕਦੇ ਨਹੀਂ ਕੀਤੀ ਅਤੇ ਨਾ ਹੀ ਕਰਨ ਬਾਰੇ ਸੋਚ ਸਕਦਾ ਹੈ।





