ਫੌਜਾ ਸਿੰਘ ਦੇ ਪਿੰਡ ਤੇ ਸਪੋਰਟਸ ਕਾਲਜ ’ਚ ਬੁੱਤ ਲੱਗਣਗੇ

0
64

ਕਿਸ਼ਨਗੜ੍ਹ/ਜਲੰਧਰ
(ਸੁਖਜੀਤ ਕੁਮਾਰ/ਸ਼ੈਲੀ ਐਲਬਰਟ/ਸੁਰਿੰਦਰ ਕੁਮਾਰ)
ਫੌਜਾ ਸਿੰਘ ਦਾ ਐਤਵਾਰ ਪਿੰਡ ਬਿਆਸ ਵਿੱਚ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਹੋਰ ਆਗੂ ਵੀ ਮੌਜੂਦ ਸਨ। ਪੁਲਸ ਦੀ ਟੁਕੜੀ ਨੇ ਬਜ਼ੁਰਗ ਦੌੜਾਕ ਨੂੰ ਗਾਰਡ ਆਫ ਆਨਰ ਦਿੱਤਾ। ਫੌਜਾ ਸਿੰਘ ਦੀ 14 ਜੁਲਾਈ ਨੂੰ ਆਪਣੇ ਘਰ ਦੇ ਬਾਹਰ ਸੈਰ ਕਰਦੇ ਸਮੇਂ ਕਿਸੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਮੌਤ ਹੋ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਦੇ ਸਕੂਲ ਦਾ ਨਾਂਅ ਫੌਜਾ ਸਿੰਘ ਦੇ ਨਾਂਅ ’ਤੇ ਰੱਖਿਆ ਜਾਵੇਗਾ ਅਤੇ ਪਿੰਡ ਦੇ ਸਟੇਡੀਅਮ ਅਤੇ ਸਪੋਰਟਸ ਕਾਲਜ ਜਲੰਧਰ ਵਿੱਚ ਉਨ੍ਹਾ ਦੇ ਬੁੱਤ ਲਾਏ ਜਾਣਗੇ। ਸਵੇਰੇ ਲਗਭਗ 7:30 ਵਜੇ ਦੇ ਕਰੀਬ ਫੌਜਾ ਸਿੰਘ ਦੀ ਦੇਹ ਨੂੰ ਸਿਵਲ ਹਸਪਤਾਲ ਤੋਂ ਲਿਆਂਦਾ ਗਿਆ।
ਉਨ੍ਹਾਂ ਦੇ ਮਿ੍ਰਤਕ ਸਰੀਰ ਨੂੰ ਅਗਨੀ ਭੇਟ ਉਹਨਾਂ ਦੇ ਵੱਡੇ ਪੁੱਤਰ ਸੁਖਵਿੰਦਰ ਸਿੰਘ ਯੂ ਕੇ ਅਤੇ ਛੋਟੇ ਪੁੱਤਰ ਹਰਵਿੰਦਰ ਸਿੰਘ ਵੱਲੋਂ ਕੀਤਾ ਗਿਆ। ਇਹਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਕੁਲਵੰਤ ਸਿੰਘ ਮੰਨਣ, ਪਰਮਜੀਤ ਰਾਏਪੁਰ, ਪ੍ਰਧਾਨ ਡਾ. ਰਜਿੰਦਰ ਗਿੱਲ (ਡੈਮੋਕਰੇਟਿਕ ਪਾਰਟੀ), ਚੇਅਰਮੈਨ ਜੀਤ ਲਾਲ ਭੱਟੀ, ਚੇਅਰਮੈਨ ਗੁਰਪਾਲ ਸਿੰਘ ਪਾਲਾ, ਪ੍ਰਧਾਨ ਦੁਆਬਾ ਕਿਸਾਨ ਵੈੱਲਫੇਅਰ ਸੋਸਾਇਟੀ ਕਿਸ਼ਨਗੜ੍ਹ, ਹਰਸੁਲਿੰਦਰ ਸਿੰਘ ਢਿੱਲੋਂ, ਕੋਆਰਡੀਨੇਟਰ (ਆਪ) ਬੀਰ ਚੰਦ ਸਰੀਲਾ, ਇਕਬਾਲ ਸਿੰਘ ਢੀਂਡਸਾ, ਨੰਬਰਦਾਰ ਭਾਗ ਰਾਮ, ਪ੍ਰਦੀਪ ਕੁਮਾਰ ਬੱਲਾਂ, ਪਰਮਜੀਤ ਸਿੰਘ ਰੇਰੂ, ਬਚਿੱਤਰ ਸਿੰਘ ਕੋਹਾੜ, ਗੁਰਦਿਆਲ ਸਿੰਘ ਨਿੱਜਰ, ਗੁਰਮਿੰਦਰ ਸਿੰਘ ਕਿਸ਼ਨਪੁਰ, ਧਰਮਪਾਲ ਲੇਸੜੀਵਾਲ (ਅਕਾਲੀ ਦਲ), ਨੰਬਰਦਾਰ ਮੁਕੇਸ਼ ਚੰਦਰ, ਹਰ ਬਲਿੰਦਰ ਸਿੰਘ ਬੋਲੀਨਾ, ਅਜੀਤ ਸਿੰਘ, ਚੈਂਚਲ ਸਿੰਘ, ਮੱਖਣ ਸਿੰਘ ਰਹੀਮਪੁਰ, ਨੰਬਰਦਾਰ ਰਣਜੀਤ ਸਿੰਘ, ਬਲਰਾਜ ਮਡਾਰ, ਸੰਸਾਰ ਚੰਦ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਗ੍ਰਾਮ ਪੰਚਾਇਤ ਬਿਆਸ ਪਿੰਡ ਦੀ ਸਰਪੰਚ ਊਸ਼ਾ ਰਾਣੀ ਅਤੇ ਪੰਚਾਇਤ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਫੌਜਾ ਸਿੰਘ ਦੀ ਯਾਦ ਵਿੱਚ ਕਾਲਜ ਬਣਾਉਣ ਦੀ ਮੰਗ ਰੱਖੀ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹਨਾਂ ਦੀ ਮੰਗ ਜਲਦ ਹੀ ਪੂਰੀ ਕੀਤੀ ਜਾਵੇਗੀ।