ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀਆਂ ਰੈਲੀਆਂ ਤੇ ਰੋਡ ਸ਼ੋਅ ਦਰਮਿਆਨ ਸਿਆਲਾਂ ਵਿੱਚ ਹੋਣ ਜਾ ਰਹੀਆਂ ਬਿਹਾਰ ਅਸੈਂਬਲੀ ਚੋਣਾਂ ਤੋਂ ਪਹਿਲਾਂ ਦਲਿਤਾਂ ਦੀ ਕੀ ਸੋਚ ਹੈ, ਇਸ ਦੀ ਝਲਕ ਨੈਸ਼ਨਲ ਕਨਫੈਡਰੇਸ਼ਨ ਆਫ ਦਲਿਤ ਐਂਡ ਆਦਿਵਾਸੀ ਆਰਗੇਨਾਈਜ਼ੇਸ਼ਨਜ਼ ਅਤੇ ਦਿ ਕਨਵਰਜੈਂਟ ਮੀਡੀਆ ਨੇ ਮਿਲ ਕੇ ਦਲਿਤ ਵੋਟਰਾਂ ਵਿੱਚ ਕੀਤੇ ਸਰਵੇ ਤੋਂ ਮਿਲਦੀ ਹੈ। ਦਲਿਤ ਵੋਟਰਾਂ ਨੇ ਪਹਿਲੀ ਪਸੰਦ ਆਪੋਜ਼ੀਸ਼ਨ ਪਾਰਟੀਆਂ ਦੇ ਮਹਾਂਗੱਠਬੰਧਨ ਨੂੰ ਦੱਸਿਆ ਹੈ। 46.13 ਫੀਸਦੀ ਦਲਿਤ ਵੋਟਰ ਮਹਾਂਗੱਠਬੰਧਨ ਦੀ ਸਰਕਾਰ ਦੇਖਣੀ ਚਾਹੁੰਦੇ ਹਨ ਅਤੇ 31.93 ਫੀਸਦੀ ਦੀ ਪਸੰਦ ਹੁਕਮਰਾਨ ਐੱਨ ਡੀ ਏ ਹੈ। 21.94 ਫੀਸਦੀ ਦਲਿਤ ਵੋਟਰਾਂ ਦੀ ਪਸੰਦ ਦੂਜੀਆਂ ਪਾਰਟੀਆਂ ਹਨ। 45.46 ਫੀਸਦੀ ਦਲਿਤਾਂ ਨੇ ਨਿਤਿਸ਼ ਸਰਕਾਰ ਦੇ ਕੰਮਕਾਜ ਨੂੰ ਚੰਗਾ ਦੱਸਿਆ, ਪਰ ਖਰਾਬ ਦੱਸਣ ਵਾਲੇ 48.44 ਫੀਸਦੀ ਸਨ। ਕੋਈ ਰਾਇ ਨਾ ਦੇਣ ਵਾਲੇ 6.1 ਫੀਸਦੀ ਸਨ।
ਬਹੁਤੇ ਦਲਿਤ ਬੇਰੁਜ਼ਗਾਰੀ ਨੂੰ ਸੂਬੇ ਦਾ ਸਭ ਤੋਂ ਵੱਡਾ ਮੁੱਦਾ ਸਮਝਦੇ ਹਨ। 58.85 ਫੀਸਦੀ ਲਈ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ, ਜਦਕਿ 14.68 ਫੀਸਦੀ ਲੋਕਾਂ ਨੇ ਸਿੱਖਿਆ ਤੇ ਸਿਹਤ, 11.21 ਫੀਸਦੀ ਨੇ ਭਿ੍ਰਸ਼ਟਾਚਾਰ, 9.45 ਫੀਸਦੀ ਨੇ ਅਮਨ-ਕਾਨੂੰਨ ਅਤੇ 5.81 ਫੀਸਦੀ ਨੇ ਹਿਜਰਤ ਨੂੰ ਵੱਡਾ ਮੁੱਦਾ ਦੱਸਿਆ। ਇਹ ਪੁੱਛਣ ’ਤੇ ਕਿ ਉਹ ਜਾਤੀ ਜਨਗਣਨਾ ਦਾ ਸਿਹਰਾ ਕਿਸ ਨੂੰ ਦਿੰਦੇ ਹਨ, ਸਭ ਤੋਂ ਵੱਧ 33.15 ਫੀਸਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 30.81 ਫੀਸਦੀ ਨੇ ਰਾਹੁਲ ਗਾਂਧੀ, 27.57 ਫੀਸਦੀ ਨੇ ਤੇਜਸਵੀ ਯਾਦਵ ਅਤੇ 8.47 ਫੀਸਦੀ ਨੇ ਹੋਰਨਾਂ ਨੂੰ ਸਿਹਰਾ ਦਿੱਤਾ। 28.83 ਫੀਸਦੀ ਦਲਿਤ ਤੇਜਸਵੀ ਯਾਦਵ ਨੂੰ ਪਸੰਦੀਦਾ ਆਗੂ ਮੰਨਦੇ ਹਨ। ਨਿਤਿਸ਼ ਕੁਮਾਰ 25.88 ਫੀਸਦੀ, ਚਿਰਾਗ ਪਾਸਵਾਨ 22.80 ਫੀਸਦੀ, ਜੀਤਨ ਰਾਮ ਮਾਂਝੀ 9.05 ਫੀਸਦੀ, ਪ੍ਰਸ਼ਾਂਤ ਕਿਸ਼ੋਰ 7.44 ਫੀਸਦੀ ਦਲਿਤਾਂ ਦੀ ਪਸੰਦ ਹਨ, ਜਦਕਿ 6 ਫੀਸਦੀ ਦਲਿਤ ਹੋਰਨਾਂ ਆਗੂਆਂ ਨੂੰ ਪਸੰਦ ਕਰਦੇ ਹਨ।
ਬਿਹਾਰ ਵਿੱਚ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਕੀਤੀ ਜਾ ਰਹੀ ਵਿਆਪਕ ਪੜਤਾਲ ਦੇ ਸੰਦਰਭ ਵਿੱਚ ਦਲਿਤ ਵੋਟਰਾਂ ਦੀ ਸੋਚ ਦੰਗ ਕਰਨ ਵਾਲੀ ਹੈ। ਇਸ ਸੁਆਲ ਕਿ ਕੀ ਤੁਹਾਨੂੰ ਵੋਟ ਦਾ ਹੱਕ ਖੋਹ ਲਏ ਜਾਣ ਦਾ ਡਰ ਹੈ, 71.55 ਨੇ ਜੁਆਬ ਹਾਂ ਵਿੱਚ ਦਿੱਤਾ। 32.74 ਫੀਸਦੀ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਵੋਟ ਦਾ ਹੱਕ ਖੋਹ ਲਏ ਜਾਣ ਦਾ ਡਰ ਨਹੀਂ। 5.01 ਫੀਸਦੀ ਲੋਕਾਂ ਨੇ ਕੋਈ ਰਾਇ ਨਹੀਂ ਦਿੱਤੀ। ਚੋਣ ਕਮਿਸ਼ਨ ’ਤੇ ਭਰੋਸੇ ਬਾਰੇੇ ਪੁੱਛੇ ਜਾਣ ’ਤੇ 51.22 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਭਰੋਸਾ ਹੈ, ਪਰ 27.42 ਫੀਸਦੀ ਲੋਕਾਂ ਨੇ ਕਿਹਾ ਕਿ ਭਰੋਸਾ ਉਠ ਗਿਆ ਹੈ। 21.36 ਫੀਸਦੀ ਨੇ ਸਹੀ-ਸਹੀ ਕੁਝ ਨਹੀਂ ਦੱਸਿਆ। ਸਰਵੇ ਦੱਸਦਾ ਹੈ ਕਿ ਨਿਤਿਸ਼ ਦੀ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਅਤੇ ਮਹਾਂਗੱਠਬੰਧਨ ਆਪਣੀ ਸਥਿਤੀ ਆਏ ਦਿਨ ਮਜ਼ਬੂਤ ਕਰ ਰਿਹਾ ਹੈ।



