ਥਾਰ ਵਾਲੀ ਬੀਬੀ ਦੀ ਜ਼ਮਾਨਤ ਅਰਜ਼ੀ ਖਾਰਜ

0
137

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਮੰਜਰੀ ਨਹਿਰੂ ਕੌਲ ਨੇ ਸੋਮਵਾਰ ਬਠਿੰਡਾ ਪੁਲਸ ਦੀ ਬਰਖ਼ਾਸਤ ਸਿਪਾਹੀ ਅਮਨਦੀਪ ਕੌਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਜਸਟਿਸ ਮੰਜਰੀ ਨਹਿਰੂ ਕੌਲ ਦੀ ਅਦਾਲਤ ਨੇ ਅਮਨਦੀਪ ਕੌਰ ਵੱਲੋਂ ਦਾਇਰ ਰੈਗੂਲਰ ਜ਼ਮਾਨਤ ਦੀ ਅਰਜ਼ੀ ਨੂੰ ਨਾਮਨਜ਼ੂਰ ਕੀਤਾ ਹੈ।
ਉਸ ਖਿਲਾਫ ਵਸੀਲਿਆਂ ਤੋਂ ਵੱਧ ਆਮਦਨ ਦੇ ਇਲਜ਼ਾਮ ਹਨ। ਅਮਨਦੀਪ ਕੌਰ, ਜੋ ਕਿ ‘ਥਾਰ ਵਾਲੀ ਬੀਬੀ’ ਵਜੋਂ ਮਸ਼ਹੂਰ ਹੋਈ ਸੀ, ਨੇ ਪਹਿਲਾਂ ਬਠਿੰਡਾ ਅਦਾਲਤ ਵਿੱਚ ਰੈਗੂਲਰ ਜ਼ਮਾਨਤ ਲਈ ਅਰਜ਼ੀ ਲਾਈ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਉਸ ਵਿਰੁੱਧ ਵਿਜੀਲੈਂਸ ਵੱਲੋਂ 19 ਜੁਲਾਈ ਨੂੰ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ।
ਐਡਵੋਕੇਟ ’ਤੇ ਫਾਇਰਿੰਗ
ਜੰਡਿਆਲਾ ਗੁਰੂ : ਸਥਾਨਕ ਬਾਬਾ ਹੰਦਾਲ ਸੜਕ ’ਤੇ ਐਵਰਗਰੀਨ ਕਲੋਨੀ ਦੇ ਬਾਹਰ ਇੱਕ ਕਾਰ ਸਵਾਰ ਵਿਅਕਤੀ ’ਤੇ ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇੱਥੋਂ ਦੇ ਸਾਬਕਾ ਕੌਂਸਲਰ ਅਵਤਾਰ ਸਿੰਘ ਕਾਲਾ ਦੇ ਭਰਾ ਐਡਵੋਕੇਟ ਲਖਵਿੰਦਰ ਸਿੰਘ ਦੇ ਮੋਢੇ ਵਿੱਚ ਗੋਲੀ ਲੱਗੀ ਅਤੇ ਸੰਤੁਲਨ ਵਿਗੜਨ ਕਾਰਨ ਕਾਰ ਇਮਾਰਤ ਵਿੱਚ ਜਾ ਟਕਰਾਈ। ਉਸ ਨੂੰ ਅੰਮਿ੍ਰਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਢਾਕਾ ’ਚ ਜਹਾਜ਼ ਡਿੱਗਣ ਨਾਲ 19 ਮੌਤਾਂ
ਢਾਕਾ : ਬੰਗਲਾਦੇਸ਼ ਹਵਾਈ ਸੈਨਾ ਦਾ ਸਿਖਲਾਈ ਜੈੱਟ ਐੱਫ-7 ਸੋਮਵਾਰ ਢਾਕਾ ਵਿੱਚ ਮਾਈਲਸਟੋਨ ਸਕੂਲ ਅਤੇ ਕਾਲਜ ਦੇ ਕੈਂਪਸ ਵਿੱਚ ਡਿੱਗਣ ਕਾਰਨ 16 ਵਿਦਿਆਰਥੀਆਂ ਤੇ ਦੋ ਅਧਿਆਪਕਾਂ ਸਮੇਤ 19 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ। ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਅਸਮਾਨ ਵਿੱਚ ਧੂੰਏਂ ਦਾ ਬੱਦਲ ਦਿਖਾਈ ਦਿੱਤਾ, ਜਿਸ ਨੂੰ ਦੂਰੋਂ ਦੇਖਿਆ ਜਾ ਸਕਦਾ ਸੀ।
ਮੌਨਸੂਨ ਸੈਸ਼ਨ, ਪਹਿਲਾ ਦਿਨ ਐਵੇਂ ਗਿਆ
ਨਵੀਂ ਦਿੱਲੀ : ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ, ਅਪ੍ਰੇਸ਼ਨ ਸਿੰਧੂਰ ਅਤੇ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੋਧ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਦੀ ਮੰਗ ਕੀਤੀ। ਮੰਗ ਨਾ ਮੰਨੇ ਜਾਣ ਕਾਰਨ ਲੋਕ ਸਭਾ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨੀ ਪਈ। ਬਾਅਦ ਵਿੱਚ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੀ ਕਾਰਵਾਈ ਨੂੰ ਵੀ ਇਕ ਵਾਰ 12 ਵਜੇ ਤੱਕ ਮੁਲਤਵੀ ਕਰਨਾ ਪਿਆ। ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ, ‘ਹਾਕਮ ਧਿਰ ਦੇ ਲੋਕਾਂ ਨੂੰ ਬੋਲਣ ਦੀ ਇਜਾਜ਼ਤ ਹੈ, ਪਰ ਵਿਰੋਧੀ ਧਿਰ ਦੇ ਮੈਂਬਰਾਂ, ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ, ਜੋ ਕਿ ਐੱਲ ਓ ਪੀ ਹੈ, ਨੂੰ ਬੋਲਣ ਦੀ ਇਜਾਜ਼ਤ ਨਹੀਂ।’ ਉਨ੍ਹਾ ਇਸ ਨੂੰ ਸਰਕਾਰ ਦੀ ਨਵੀਂ ਪਹੁੰਚ ਕਰਾਰ ਦਿੱਤਾ।