ਧੂਰੀ (ਰਾਜੇਸ਼ਵਰ ਪਿੰਟੂ,
ਸੁਖਦੇਵ ਧੂਰੀ)
ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਐਲਾਨਿਆ ਕਿ ਸੰਗਰੂਰ ਅਤੇ ਲੁਧਿਆਣਾ ਵਿਚਾਲੇ ਲੱਡਾ ਅਤੇ ਲਹਿਰਾ ਟੋਲ ਪਲਾਜ਼ਾ 5 ਸਤੰਬਰ ਤੋਂ ਬੰਦ ਕਰ ਦਿੱਤੇ ਜਾਣਗੇ। ਇਹ ਐਤਵਾਰ ਰਾਤ 12 ਵਜੇ ਤੱਕ ਹੀ ਚੱਲਣਗੇ। ਮੁੱਖ ਮੰਤਰੀ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾਟੋਲ ਅਧਿਕਾਰੀ ਛੇ ਮਹੀਨੇ ਦਾ ਵਾਧਾ ਜਾਂ 50 ਕਰੋੜ ਰੁਪਏ ਮੁਆਵਜ਼ਾ ਚਾਹੁੰਦੇ ਸਨ, ਪਰ ਰਾਜ ਸਰਕਾਰ ਨੇ ਇਨਕਾਰ ਕਰ ਦਿੱਤਾ।
ਮਾਨ ਨੇ ਕਿਹਾ ਕਿ ਟੋਲ ਪਲਾਜ਼ੇ ਵਾਲੇ ਵਧੇ ਹੋਏ ਰੇਟ ਵਸੂਲ ਕਰ ਰਹੇ ਸਨ, ਪਰ ਲੋਕਾਂ ਨੂੰ ਸਹੂਲਤਾਂ ਦੇ ਨਾਂਅ ’ਤੇ ਕੁਝ ਵੀ ਮੁਹੱਈਆ ਨਹੀਂ ਕਰਵਾ ਰਹੇ ਸਨ। ਪਲਾਜ਼ਿਆਂ ਨਾਲ ਹੋਇਆ 7 ਸਾਲਾਂ ਦਾ ਐਗਰੀਮੈਂਟ ਅੱਜ ਸਮਾਪਤ ਹੋ ਰਿਹਾ ਹੈ। ਕਿਸਾਨ ਅੰਦੋਲਨ ਅਤੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਟੋਲ ਪਲਾਜ਼ੇ ਵਾਲੇ ਵੀਹ ਮਹੀਨਿਆਂ ਦੀ ਰਿਆਇਤ ਮੰਗ ਰਹੇ ਸਨ, ਜਿਸ ਨੂੰ ਸਰਕਾਰ ਨੇ ਨਾਮਨਜ਼ੂਰ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਲੱਗਣ ਵਾਲੇ ਲੱਡਾ ਦੇ ਟੋਲ ਪਲਾਜ਼ੇ ਤੋਂ ਬਾਅਦ ਕਾਂਗਰਸ ਸਰਕਾਰ ਨੇ ਵੀ ਇਸ ਨੂੰ ਬੰਦ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਲੋਕਾਂ ਦੀ ਲੁੱਟ ਬਾਦਸਤੂਰ ਜਾਰੀ ਰਹੀ।
ਉਨ੍ਹਾ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਉਹ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਸਖਤ ਮਿਹਨਤ ਕਰ ਰਹੇ ਹਨ। ਉਨ੍ਹਾ ਕਿਹਾ ਕਿ ਸਾਬਕਾ ਮੰਤਰੀਆਂ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀਆਂ ਸਮੇਤ ਗਲਤ ਕੰਮਾਂ ’ਚ ਸ਼ਾਮਲ ਸਾਰੇ ਲੋਕਾਂ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਧੂਰੀ ਫ਼ੇਰੀ ਦੌਰਾਨ ਮਾਨ ਨੇ ਕਿਹਾ ਕਿ ਧੂਰੀ ਦੇ ਲੋਕਾਂ ਦੇ ਉਹ ਅਤੇ ਉਨ੍ਹਾਂ ਦਾ ਪਰਵਾਰ ਤਾ-ਜ਼ਿੰਦਗੀ ਰਿਣੀ ਰਹੇਗਾ ਅਤੇ ਜੇਕਰ ਹਰ ਸਾਹ ਬਾਅਦ ਧੂਰੀ ਵਲਿਆਂ ਦਾ ‘ਧੰਨਵਾਦ’ ਕਰਾਂ ਤਾਂ ‘ਕਈ ਜਨਮ’ ਲੈਣੇ ਪੈਣਗੇ। ਉਨ੍ਹਾਂ ਧੂਰੀ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਤੇ ਉਸ ਦਾ ਪਰਵਾਰ ਇੱਥੇ ਹੀ ਰਹਿਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਕੰਪਨੀਆਂ ਸੂਬੇ ਵਿੱਚ ਨਿਵੇਸ਼ ਲਈ ਆ ਰਹੀਆਂ ਹਨ ਅਤੇ ਪੰਜਾਬ ਨਾਲ ਐੱਮ.ਓ.ਯੂ. ਕਰ ਰਹੀਆਂ ਹਨ। ਉਨ੍ਹਾ ਦੁੱਖ ਨਾਲ ਕਿਹਾ ਕਿ ਪਹਿਲਾਂ ਅਜਿਹੇ ਨਿਵੇਸ਼ਕ ਨਿਵੇਸ਼ ਕਰਨ ਤੋਂ ਇਸ ਕਰਕੇ ਭੱਜ ਜਾਂਦੇ ਸਨ, ਕਿਉਂਕਿ ਉਨ੍ਹਾਂ ਨੂੰ ਸੂਬਾ ਸਰਕਾਰ ਦੀ ਬਜਾਏ ਸੱਤਾਧਾਰੀ ਪਰਵਾਰਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਭਗਵੰਤ ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਦੇ ਸੱਤਾਧਾਰੀ ਇਹ ਪੁੱਛਦੇ ਸਨ ਕਿ ਅਜਿਹੇ ਪ੍ਰਾਜੈਕਟਾਂ ਨਾਲ ਉਨ੍ਹਾਂ ਦੇ ਪਰਵਾਰਾਂ ਨੂੰ ਕੀ ਫਾਇਦਾ ਹੋਵੇਗਾ, ਪਰ ਹੁਣ ਉਹ ਕੰਪਨੀਆਂ ਤੋਂ ਪੁੱਛਦੇ ਹਨ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।