ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇੱਕ ਵਿਆਹੁਤਾ ਜੋੜੇ ਦੇ ਵਿਵਾਦ ਵਿੱਚ ਵੱਡੇ ਗੁਜ਼ਾਰਾ ਭੱਤੇ ਦੀ ਮੰਗ ਕਰਦੀ ਮਹਿਲਾ ਲਈ ਸਖਤ ਟਿੱਪਣੀ ਕੀਤੀ ਅਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਮਹਿਲਾ ਨੇ ਸਿਰਫ 18 ਮਹੀਨਿਆਂ ਦੇ ਵਿਆਹ ਤੋਂ ਬਾਅਦ 12 ਕਰੋੜ ਰੁਪਏ ਦਾ ਗੁਜ਼ਾਰਾ ਭੱਤਾ, ਮੁੰਬਈ ਦੇ ਕਲਪਤਰੂ ਪ੍ਰੋਜੈਕਟ ਵਿੱਚ ਇੱਕ ਉੱਚ-ਦਰਜੇ ਦਾ ਫਲੈਟ ਅਤੇ ਇੱਕ ਬੀ ਐੱਮ ਡਬਲਿਊ ਕਾਰ ਦੀ ਮੰਗ ਕੀਤੀ ਹੈ।
ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਬੈਂਚ ਨੇ ਉਸ ਦੀਆਂ ਮੰਗਾਂ ਦੀ ਹੱਦ ’ਤੇ ਚਿੰਤਾ ਪ੍ਰਗਟਾਈ। ਅਦਾਲਤ ਨੇ ਸਵਾਲ ਕੀਤਾ ਕਿ ਵਿਆਹ ਦੀ ਥੋੜ੍ਹੀ ਮਿਆਦ ਅਤੇ ਮਹਿਲਾ ਦੀ ਆਈ ਟੀ ਪੇਸ਼ੇਵਰ ਵਜੋਂ ਐੱਮ ਬੀ ਏ ਦੀਆਂ ਆਪਣੀਆਂ ਯੋਗਤਾਵਾਂ ਨੂੰ ਦੇਖਦੇ ਹੋਏ ਕੀ ਅਜਿਹੇ ਦਾਅਵੇ ਵਾਜਬ ਹਨ। ਇਹ ਦੇਖਦੇ ਹੋਏ ਕਿ ਉਸ ਕੋਲ ਬੇਂਗਲੁਰੂ ਅਤੇ ਹੈਦਰਾਬਾਦ ਵਰਗੇ ਪ੍ਰਮੁੱਖ ਆਈ ਟੀ ਹੱਬ ਵਿੱਚ ਕੰਮ ਕਰਨ ਲਈ ਪ੍ਰਮਾਣ ਪੱਤਰ ਅਤੇ ਸੰਭਾਵਨਾਵਾਂ ਹਨ, ਅਦਾਲਤ ਨੇ ਪੁੱਛਿਆ ਕਿ ਉਸ ਨੇ ਰੁਜ਼ਗਾਰ ਕਿਉਂ ਨਹੀਂ ਲਿਆ। ਜੱਜਾਂ ਨੇ ਜ਼ੋਰ ਦਿੱਤਾ ਕਿ ਉਹ ਆਪਣੇ ਵੱਖ ਹੋ ਚੁੱਕੇ ਪਤੀ ’ਤੇ ਅਣਮਿੱਥੇ ਸਮੇਂ ਲਈ ਨਿਰਭਰ ਰਹਿਣ ਦੀ ਉਮੀਦ ਨਹੀਂ ਕਰ ਸਕਦੀ, ਖਾਸ ਕਰਕੇ ਜਦੋਂ ਉਹ ਸੁਤੰਤਰ ਤੌਰ ’ਤੇ ਕਮਾਈ ਕਰਨ ਦੇ ਸਮਰੱਥ ਹੈ।
ਮਹਿਲਾ ਨੇ ਦਲੀਲ ਦਿੱਤੀ ਕਿ ਉਸ ਦਾ ਪਤੀ ਅਮੀਰ ਸੀ ਅਤੇ ਉਸ ਨੇ ਇਹ ਕਹਿ ਕੇ ਆਪਣੇ ਵਿਆਹ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਸੀ ਕਿ ਉਹ ਸਾਈਜ਼ੋਫਰੀਨਕ (ਮਾਨਸਕ ਬਿਮਾਰੀ ਦਾ ਪੀੜਤ) ਸੀਭਾਵ ਇੱਕ ਦੋਸ਼, ਜਿਸ ਨੂੰ ਉਸ ਨੇ ਅਦਾਲਤ ਵਿੱਚ ਜ਼ੋਰਦਾਰ ਢੰਗ ਨਾਲ ਨਕਾਰ ਦਿੱਤਾ। ਮਹਿਲਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਕਾਨੂੰਨੀ ਸਲਾਹਕਾਰ ਨੂੰ ਪ੍ਰਭਾਵਤ ਕੀਤਾ ਗਿਆ ਸੀ, ਪਰ ਇਸ ਦਾਅਵੇ ਨੂੰ ਬੈਂਚ ਨੇ ਦਿ੍ਰੜ੍ਹਤਾ ਨਾਲ ਰੱਦ ਕਰ ਦਿੱਤਾ।
ਮਹਿਲਾ ਦੀ ਫਲੈਟ ਅਤੇ 12 ਕਰੋੜ ਰੁਪਏ ਦੋਵਾਂ ਦੀ ਮੰਗ ਦੇ ਜਵਾਬ ਵਿੱਚ ਅਦਾਲਤ ਨੇ ਇੱਕ ਵਿਕਲਪ ਪ੍ਰਸਤਾਵਤ ਕੀਤਾ, ਜਿਸ ਵਿੱਚ ਕਿਹਾ ਗਿਆ ਜਾਂ ਤਾਂ ਸਾਰੇ ਬੋਝਾਂ ਤੋਂ ਮੁਕਤ ਫਲੈਟ ਸਵੀਕਾਰ ਕਰੋ ਜਾਂ ਸਮਝੌਤੇ ਵਜੋਂ 4 ਕਰੋੜ ਰੁਪਏ ਲਓ ਅਤੇ ਢੁਕਵਾਂ ਰੁਜ਼ਗਾਰ ਲੱਭੋ। ਅਦਾਲਤ ਨੇ ਉਸ ਨੂੰ ਭਰੋਸਾ ਵੀ ਦਿੱਤਾ ਕਿ ਉਸ ਦੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਉਸ ਵਿਰੁੱਧ ਦਰਜ ਕੋਈ ਵੀ ਐੱਫ ਆਈ ਆਰ ਜਾਂ ਦੋਸ਼ ਰੱਦ ਕੀਤੇ ਜਾ ਸਕਦੇ ਹਨ।
ਅਦਾਲਤ ਨੇ ਕਿਹਾ ਕਿ ਇੱਕ ਪੜ੍ਹੇ-ਲਿਖੇ ਵਿਅਕਤੀ ਵਜੋਂ ਉਸ ਨੂੰ ਸਿਰਫ ਗੁਜ਼ਾਰੇ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ, ਬਲਕਿ ਕੰਮ ਰਾਹੀਂ ਸਵੈ-ਨਿਰਭਰਤਾ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਖੀਰ ਵਿੱਚ ਇਸ ਕੇਸ ’ਤੇ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ।



