ਗਾਜ਼ੀਆਬਾਦ : ਯੂ ਪੀ ਪੁਲਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਗਾਜ਼ੀਆਬਾਦ ਵਿੱਚ ਚੱਲ ਰਹੇ ਜਾਲ੍ਹੀ ਕੌਂਸਲਖਾਨੇ ਦਾ ਪਰਦਾ ਫਾਸ਼ ਕਰਦਿਆਂ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਦੱਸਿਆ ਕਿ ਮੁਲਜ਼ਮ ਗੈਰ-ਮੌਜੂਦ ਮੁਲਕ ਵੈਸਟ ਆਰਕਟਿਕਾ ਦਾ ਡਿਪਲੋਮੈਟ ਹੋਣ ਦਾ ਦਾਅਵਾ ਕਰਦਾ ਸੀ।
ਗਾਜ਼ੀਆਬਾਦ ਦੇ ਕਵੀ ਨਗਰ ਦੇ ਰਹਿਣ ਵਾਲੇ ਮੁਲਜ਼ਮ ਹਰਸ਼ਵਰਧਨ ਜੈਨ ਨੂੰ ਮੰਗਲਵਾਰ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਵੈਸਟ ਆਰਕਟਿਕਾ ਨਾਂਅ ਦੀ ਅਮਰੀਕਾ ਵਿੱਚ ਰਜਿਸਟਰਡ ਇੱਕ ਸੰਸਥਾ ਜ਼ਰੂਰ ਹੈ, ਪਰ ਇਸ ਨਾਂਅ ਦਾ ਕੋਈ ਮੁਲਕ ਦੁਨੀਆ ਦੇ ਨਕਸ਼ੇ ਉਤੇ ਮੌਜੂਦ ਨਹੀਂ ਹੈ।
ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਜੈਨ ਵਿਦੇਸ਼ੀ ਮੁਲਕਾਂ ਦੀਆਂ ਕੰਪਨੀਆਂ ਵਿੱਚ ਨੌਕਰੀਆਂ ਦਿਵਾਉਣ ਦੇ ਲਾਰੇ ਲਾ ਕੇ ਲੋਕਾਂ ਨੂੰ ਠੱਗਣ ਦੀਆਂ ਕੋਸ਼ਿਸ਼ਾਂ ਤੇ ਸੌਦਿਆਂ ਦੀ ਦਲਾਲੀ ਵਿੱਚ ਰੁੱਝਿਆ ਹੋਇਆ ਸੀ। ਉਸ ’ਤੇ ਸ਼ੈੱਲ ਕੰਪਨੀਆਂ ਰਾਹੀਂ ਹਵਾਲਾ ਰੈਕੇਟ ਚਲਾਉਣ ਦੇ ਜੁਰਮਾਂ ਵਿੱਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ। ਮੁਲਜ਼ਮ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਹੋਰ ਪਤਵੰਤਿਆਂ ਨਾਲ ਖੁਦ ਨੂੰ ਦਿਖਾਉਂਦੀਆਂ ਜਾਲ੍ਹੀ ਫੋਟੋਆਂ ਦੀ ਵਰਤੋਂ ਕੀਤੀ।
ਐਡੀਸ਼ਨਲ ਡੀ ਜੀ ਪੀ ਅਮਿਤਾਭ ਯਸ਼ ਨੇ ਦੱਸਿਆ ਕਿ ਮੁਲਜ਼ਮ ਕਿਰਾਏ ਦੇ ਘਰ ਤੋਂ ਜਾਲ੍ਹੀ ਕੌਂਸਲਖਾਨਾ ਚਲਾ ਰਿਹਾ ਸੀ ਅਤੇ ਆਪਣੇ ਆਪ ਨੂੰ ਪੱਛਮੀ ਆਰਕਟਿਕਾ, ਸਬੋਰਗਾ, ਪੌਲਵੀਆ ਅਤੇ ਲੋਡੋਨੀਆ ਵਰਗੇ ਗੈਰ-ਮੌਜੂਦ ਦੇਸ਼ਾਂ ਦੇ ਕੌਂਸਲ ਜਾਂ ਰਾਜਦੂਤ ਵਜੋਂ ਪੇਸ਼ ਕਰਦਾ ਸੀ। ਗਿ੍ਰਫਤਾਰੀ ਪਿੱਛੋਂ ਉਸ ਕੋਲੋਂ ਜਾਲ੍ਹੀ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੀਆਂ ਚਾਰ ਗੱਡੀਆਂ, ਅਖੌਤੀ ਮਾਈਕ੍ਰੋਨੇਸ਼ਨਾਂ ਦੇ 12 ਜਾਲ੍ਹੀ ਡਿਪਲੋਮੈਟਿਕ ਪਾਸਪੋਰਟ, ਵਿਦੇਸ਼ ਮੰਤਰਾਲੇ ਦੀ ਮੋਹਰ ਵਾਲੇ ਜਾਲ੍ਹੀ ਦਸਤਾਵੇਜ਼, ਦੋ ਜਾਲ੍ਹੀ ਪੈਨ ਕਾਰਡ, ਵੱਖ-ਵੱਖ ਦੇਸ਼ਾਂ ਅਤੇ ਕੰਪਨੀਆਂ ਦੀਆਂ 34 ਰਬੜ ਸਟੈਂਪਾਂ ਅਤੇ ਦੋ ਜਾਲ੍ਹੀ ਪ੍ਰੈੱਸ ਕਾਰਡ ਜ਼ਬਤ ਕੀਤੇ ਗਏ ਹਨ।





