ਰੂਸੀ ਜਹਾਜ਼ ਡਿੱਗਿਆ, 49 ਮੌਤਾਂ

0
123

ਮਾਸਕੋ : ਰੂਸ ਦੇ ਦੂਰ ਪੂਰਬ ਵਿੱਚ ਵੀਰਵਾਰ ਇੱਕ ਐਂਟੋਨੋਵ ਐਨ-24 ਯਾਤਰੀ ਜਹਾਜ਼, ਜਿਸ ਵਿੱਚ 49 ਲੋਕ ਸਵਾਰ ਸਨ, ਹਾਦਸਾਗ੍ਰਸਤ ਹੋ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਲੱਗਭੱਗ 50 ਸਾਲ ਪੁਰਾਣਾ ਸੀ। ਇਹ 1976 ਵਿੱਚ ਬਣਾਇਆ ਗਿਆ ਸੀ ਅਤੇ ਸਾਇਬੇਰੀਆ-ਅਧਾਰਤ ਏਅਰਲਾਈਨ ਅੰਗਾਰਾ ਵੱਲੋਂ ਸੰਚਾਲਤ ਕੀਤਾ ਜਾ ਰਿਹਾ ਸੀ। ਜਹਾਜ਼ ਬਲਾਗੋਵੇਸ਼ਚੇਂਸਕ ਸ਼ਹਿਰ ਤੋਂ ਟਿੰਡਾ ਜਾ ਰਿਹਾ ਸੀ ਅਤੇ ਚੀਨ ਨਾਲ ਲੱਗਦੇ ਅਮੂਰ ਖੇਤਰ ਦੇ ਇੱਕ ਦੂਰ-ਦੁਰਾਡੇ ਕਸਬੇ ਦੇ ਨੇੜੇ ਪਹੁੰਚਦੇ ਸਮੇਂ ਰਾਡਾਰ ਸਕ੍ਰੀਨਾਂ ਤੋਂ ਗਾਇਬ ਹੋ ਗਿਆ। ਜਹਾਜ਼ ਵਿੱਚ ਪੰਜ ਬੱਚਿਆਂ ਸਮੇਤ 43 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਲਾਂਕਿ ਐਮਰਜੈਂਸੀ ਮੰਤਰਾਲੇ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੀ ਗਿਣਤੀ ਲੱਗਭੱਗ 40 ਦੱਸੀ ਹੈ। ਜਹਾਜ਼ ਦਾ ਮਲਬਾ ਟਿੰਡਾ ਤੋਂ ਲੱਗਭੱਗ 15 ਕਿਲੋਮੀਟਰ ਦੂਰ ਇੱਕ ਪਹਾੜੀ ’ਤੇ ਮਿਲਿਆ ਹੈ।
ਚੌਥੇ ਦਿਨ ਵੀ ਕਾਰਵਾਈ ਨਹੀਂ ਚੱਲੀ
ਨਵੀਂ ਦਿੱਲੀ : ਮੌਨਸੂਨ ਇਜਲਾਸ ਦੇ ਚੌਥੇ ਦਿਨ ਵੀਰਵਾਰ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਸੋਧ ਨੂੰ ਲੈ ਕੇ ਵਿਰੋਧੀ ਧਿਰ ਦੇ ਪ੍ਰਦਰਸ਼ਨਾਂ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਨਹੀਂ ਚੱਲ ਸਕੀ। ਜਿਵੇਂ ਹੀ ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਕਈ ਮੈਂਬਰ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਸੋਧ ਦੇ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕਰਨ ਲੱਗੇ। ਕੁਝ ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ ਅਤੇ ਉਨ੍ਹਾ ਨੇ ਸਪੀਕਰ ਨੂੰ ਤਖਤੀਆਂ ਵੀ ਦਿਖਾਈਆਂ। ਤਿ੍ਰਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਸੰਸਦੀ ਕਾਰਵਾਈ ਵਿਚ ਪੈ ਰਹੇ ਅੜਿੱਕੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾ ਕਿਹਾ ਕਿ ਸਰਕਾਰ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਦੇ ਮੁੱਦੇ ’ਤੇ ਚਰਚਾ ਤੋਂ ਭੱਜ ਰਹੀ ਹੈ।
ਬੱਸ ਹਾਦਸੇ ’ਚ 8 ਮੌਤਾਂ
ਮੰਡੀ : ਸਰਕਾਘਾਟ ਸਬ-ਡਵੀਜ਼ਨ ਵਿੱਚ ਮਾਸੇਰਨ ਨੇੜੇ ਤਰੰਗਲਾ ’ਚ ਵੀਰਵਾਰ ਸਵੇਰੇ ਐੱਚ ਆਰ ਟੀ ਸੀ ਦੀ ਬੱਸ ਸੜਕ ਤੋਂ ਕਰੀਬ 25 ਮੀਟਰ ਹੇਠਾਂ ਖੱਡ ਵਿਚ ਡਿੱਗਣ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 21 ਜ਼ਖਮੀ ਹੋ ਗਏ। ਬੱਸ ਸਰਕਾਘਾਟ ਤੋਂ ਦੁਰਗਾਪੁਰ ਜਾ ਰਹੀ ਸੀ।