ਬੈਂਕਾਕ : ਥਾਈਲੈਂਡ ਅਤੇ ਕੰਬੋਡੀਆ ਵਿਚਾਲੇ ਵੀਰਵਾਰ ਲੜਾਈ ਵਿੱਚ ਘੱਟੋ-ਘੱਟ 9 ਨਾਗਰਿਕ ਮਾਰੇ ਗਏ। ਥਾਈ ਫੌਜ ਨੇ ਕਿਹਾ ਕਿ ਸਭ ਤੋਂ ਵੱਧ ਜਾਨੀ ਨੁਕਸਾਨ ਸੀ ਸਾ ਕੇਟ ਪ੍ਰਾਂਤ ਵਿੱਚ ਹੋਇਆ, ਜਿੱਥੇ ਇੱਕ ਗੈਸ ਸਟੇਸ਼ਨ ’ਤੇ ਗੋਲੀਬਾਰੀ ਤੋਂ ਬਾਅਦ ਛੇ ਲੋਕ ਮਾਰੇ ਗਏ। ਤਿੰਨ ਸਰਹੱਦੀ ਪ੍ਰਾਂਤਾਂ ਵਿੱਚ ਘੱਟੋ-ਘੱਟ 14 ਲੋਕ ਜ਼ਖਮੀ ਹੋਏ ਹਨ। ਦੱਖਣ-ਪੂਰਬੀ ਏਸ਼ੀਆਈ ਗੁਆਂਢੀਆਂ ਵਿਚਾਲੇ ਮਈ ਵਿੱਚ ਹੋਏ ਇੱਕ ਹਥਿਆਰਬੰਦ ਟਕਰਾਅ, ਜਿਸ ਵਿੱਚ ਇੱਕ ਕੰਬੋਡੀਆਈ ਸਿਪਾਹੀ ਮਾਰਿਆ ਗਿਆ ਸੀ, ਤੋਂ ਬਾਅਦ ਸੰਬੰਧ ਤੇਜ਼ੀ ਨਾਲ ਵਿਗੜ ਗਏ ਹਨ। ਦੋਵਾਂ ਪਾਸਿਆਂ ਦੇ ਰਾਸ਼ਟਰਵਾਦੀ ਜਨੂੰਨ ਨੇ ਸਥਿਤੀ ਨੂੰ ਹੋਰ ਭੜਕਾਅ ਦਿੱਤਾ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਥਾਈਲੈਂਡ-ਕੰਬੋਡੀਆ ਸਰਹੱਦ ’ਤੇ ਚੱਲ ਰਹੇ ਤਣਾਅ ਬਾਰੇ ਡੂੰਘੀ ਚਿੰਤਾ ਵਿੱਚ ਹੈ ਅਤੇ ਉਮੀਦ ਕਰਦਾ ਹੈ ਕਿ ਦੋਵੇਂ ਪੱਖ ਗੱਲਬਾਤ ਅਤੇ ਸਲਾਹ-ਮਸ਼ਵਰੇ ਰਾਹੀਂ ਮੁੱਦਿਆਂ ਨੂੰ ਸਹੀ ਢੰਗ ਨਾਲ ਹੱਲ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਚੀਨ ਤਣਾਅ ਘਟਾਉਣ ਵਿੱਚ ਰਚਨਾਤਮਕ ਭੂਮਿਕਾ ਨਿਭਾਏਗਾ। ਉਧਰ, ਥਾਈਲੈਂਡ ਦੇ ਸਿਹਤ ਮੰਤਰੀ ਨੇ ਕਿਹਾ ਕਿ 11 ਥਾਈ ਨਾਗਰਿਕ ਅਤੇ ਇੱਕ ਸਿਪਾਹੀ ਮਾਰੇ ਗਏ ਹਨ। ਸੋਮਸਾਕ ਥੇਪਸੁਥਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੰਬੋਡੀਆ ਦੀਆਂ ਕਾਰਵਾਈਆਂ, ਜਿਨ੍ਹਾਂ ਵਿੱਚ ਇੱਕ ਹਸਪਤਾਲ ’ਤੇ ਹਮਲਾ ਵੀ ਸ਼ਾਮਲ ਹੈ, ਨੂੰ ਯੁੱਧ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ।




