ਅੰਮਿ੍ਰਤਸਰ : ਬੀ ਐੱਸ ਐੱਫ ਨੇ ਸਰਹੱਦ ਪਾਰ ਪਾਕਿਸਤਾਨ ਤੋਂ ਤਸਕਰੀ ਲਈ ਵਰਤੇ ਜਾ ਰਹੇ 6 ਡਰੋਨ ਕਾਬੂ ਕਰ ਲਏ। ਇਨ੍ਹਾਂ ਦੇ ਨਾਲ 4 ਪਿਸਤੌਲ, ਮੈਗਜ਼ੀਨ ਅਤੇ ਕਿੱਲੋ ਤੋਂ ਵੱਧ ਹੈਰੋਇਨ ਵੀ ਬਰਾਮਦ ਕੀਤੀ ਹੈ। ਬੀ ਐੱਸ ਐੱਫ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਤੜਕੇ ਅੰਮਿ੍ਰਤਸਰ ਸਰਹੱਦ ’ਤੇ ਪਾਕਿਸਤਾਨ ਤੋਂ ਆਏ ਇੱਕ ਡਰੋਨ ਨੂੰ ਤਕਨੀਕੀ ਜਵਾਬੀ ਕਾਰਵਾਈ ਤਹਿਤ ਰੋਕਿਆ ਅਤੇ ਬੇਅਸਰ ਕਰਕੇ ਜ਼ਮੀਨ ’ਤੇ ਸੁੱਟਿਆ। ਇਹ ਡਰੋਨ ਅਟਾਰੀ ਦੇ ਖੇਤ ਵਿੱਚੋਂ ਬਰਾਮਦ ਹੋਇਆ ਹੈ। ਇਸ ਦੇ ਨਾਲ ਇੱਕ ਪਿਸਤੌਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ। ਬੁੱਧਵਾਰ ਰਾਤ ਵੇਲੇ ਕੀਤੀ ਕਾਰਵਾਈ ਦੌਰਾਨ ਅੰਮਿ੍ਰਤਸਰ ਦੇ ਸਰਹੱਦੀ ਪਿੰਡ ਮੋਦੇ ਨੇੜੇ ਇਸੇ ਢੰਗ ਤਰੀਕੇ ਨਾਲ ਤਕਨੀਕੀ ਕਾਰਵਾਈ ਨਾਲ ਪੰਜ ਡਰੋਨਾਂ ਨੂੰ ਰੋਕਿਆ ਅਤੇ ਧਰਤੀ ’ਤੇ ਸੁੱਟਿਆ। ਇਹ ਸਾਰੇ ਡਰੋਨ ਵੀ ਡੀ ਜੀ ਆਈ ਮੈਵਿਕ ਤਿੰਨ ਕਲਾਸਿਕ ਸ਼੍ਰੇਣੀ ਦੇ ਹਨ। ਇਨ੍ਹਾਂ ਦੇ ਨਾਲ ਤਿੰਨ ਪਿਸਤੌਲ, ਤਿੰਨ ਮੈਗਜ਼ੀਨ ਅਤੇ ਹੈਰੋਇਨ ਦੇ ਚਾਰ ਪੈਕੇਟ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਕਿੱਲੋ 70 ਗ੍ਰਾਮ ਹੈਰੋਇਨ ਸੀ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਨਾਲ ਲੱਗਦੇ ਸਰਹੱਦੀ ਖੇਤਰ ਦੇ ਪਿੰਡ ਡਲ ਦੇ ਖੇਤ ਵਿੱਚੋਂ ਇੱਕ ਪਿਸਤੌਲ ਦੇ ਪੁਰਜ਼ੇ ਅਤੇ ਇੱਕ ਮੈਗਜ਼ੀਨ ਬਰਾਮਦ ਹੋਈ ਹੈ।




