ਕਾਰਨੀ ਨੇ ਟਰੰਪ ਦੀ ਨਕਲ ਕਰਕੇ ਹੱਸ-ਹੱਸ ਦੂਹਰੇ ਕੀਤੇ ਲੋਕ

0
7

ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਾਵਾ ਵਿੱਚ ਇੱਕ ਜਨਤਕ ਭਾਸ਼ਣ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਜ਼ਾਕ ਉਡਾਇਆ। ਉਨ੍ਹਾ ਅਮਰੀਕੀ ਨੇਤਾ ਦੇ ਦਸਤਖਤ ਵਾਲੇ ‘ਐਕਾਰਡੀਅਨ ਹੈਂਡਸ’ ਇਸ਼ਾਰੇ ਦੀ ਨਕਲ ਕੀਤੀ, ਜਿਸ ‘ਤੇ ਭੀੜ ਵੱਲੋਂ ਤਾੜੀਆਂ ਦੀ ਗੂੰਜ ਸੁਣਾਈ ਦਿੱਤੀ। ਇਹ ਹਲਕਾ-ਫੁਲਕਾ ਪਲ ਉਦੋਂ ਆਇਆ, ਜਦੋਂ 61 ਸਾਲਾ ਪ੍ਰਧਾਨ ਮੰਤਰੀ ਨੇ 70 ਬਿਲੀਅਨ ਕੈਨੇਡੀਅਨ ਡਾਲਰ ਦੇ ਇੱਕ ਵੱਡੇ ਸਾਫ਼-ਊਰਜਾ ਪੈਕੇਜ ‘ਤੇ ਚਰਚਾ ਕੀਤੀ, ਜਿਸ ਨੂੰ ਉਸ ਨੇ ’18 ਹੂਵਰ ਡੈਮਾਂ ਦੇ ਕਾਰਜਸ਼ੀਲ ਬਰਾਬਰ’ ਕਿਹਾ। ’18 ਹੂਵਰ ਡੈਮਾਂ’ ਨੂੰ ਦੁਹਰਾਉਂਦੇ ਹੋਏ ਕਾਰਨੀ ਨੇ ਆਪਣੇ ਹੱਥਾਂ ਨੂੰ ਨਾਟਕੀ ਢੰਗ ਨਾਲ ਅੰਦਰ ਅਤੇ ਬਾਹਰ ਹਿਲਾਇਆ ਤੇ 80 ਸਾਲਾ ਅਮਰੀਕੀ ਰਾਸ਼ਟਰਪਤੀ ਦੀ ਨਕਲ ਕੀਤੀ। ਟਰੰਪ ਅਕਸਰ ਅਜਿਹਾ ਕਰਦੇ ਹਨ। ਹਾਸੇ ਅਤੇ ਤਾੜੀਆਂ ਦੀ ਗੂੰਜ ਰੁਕਣ ਤੋਂ ਬਾਅਦ ਕਾਰਨੀ ਮੁਸਕਰਾਇਆ ਤੇ ਕਿਹਾ ਬਹੁਤ ਹੋ ਗਿਆ। ਇਹ ਭਾਸ਼ਣ ਓਟਾਵਾ ਅਤੇ ਵਾਸ਼ਿੰਗਟਨ ਵਿਚਕਾਰ ਤਲਖੀ ਦੀ ਪਿੱਠਭੂਮੀ ਵਿੱਚ ਹੋਇਆ, ਜਿਸ ਵਿੱਚ ਅਗਸਤ ਵਿੱਚ ਵਪਾਰਕ ਗੱਲਬਾਤ ਟੁੱਟ ਗਈ ਸੀ। ਕਾਰਨੀ ਨੇ ਕਿਹਾ ਕਿ ਵਾਸ਼ਿੰਗਟਨ ਨੇ ਵਿਸ਼ਵ ਪੱਧਰ ‘ਤੇ ਵਪਾਰ ਸਮਝੌਤਿਆਂ ‘ਤੇ ਗੱਲਬਾਤ ਕਰਨ ਲਈ ਕੈਨੇਡਾ ਦੀ ਆਜ਼ਾਦੀ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਉਹ ਸਫਲ ਨਹੀਂ ਹੋ ਸਕਿਆ।