ਨਵੀਂ ਦਿੱਲੀ : ਕਾਂਗਰਸ ਦੇ ਓ ਬੀ ਸੀ ਸੈੱਲ ਵੱਲੋਂ ਸ਼ੁੱਕਰਵਾਰ ਇੱਥੇ ਤਾਲਕਟੋਰਾ ਸਟੇਡੀਅਮ ਵਿੱਚ ਕੀਤੇ ਗਏ ‘ਭਾਗੀਦਾਰੀ ਨਿਆਂ ਸੰਮੇਲਨ’ ਵਿੱਚ ਰਾਹੁਲ ਗਾਂਧੀ ਨੇ ਪਾਰਟੀ ਕਾਰਕੁਨਾਂ ਤੋਂ ਪੁੱਛਿਆ, ‘ਤੁਹਾਨੂੰ ਪਤਾ ਹੈ, ਰਾਜਨੀਤੀ ਵਿੱਚ ਸਭ ਤੋਂ ਵੱਡੀ ਪ੍ਰਾਬਲਮ ਕੀ ਹੈ? ’ ਕਾਰਕੁਨਾਂ ਨੇ ਜਵਾਬ ਦਿੱਤਾ, ‘ਪੀ ਐੱਮ ਮੋਦੀ।’ ਇਸ ’ਤੇ ਰਾਹੁਲ ਨੇ ਕਿਹਾ, ‘ਨਰਿੰਦਰ ਮੋਦੀ ਕੋਈ ਵੱਡੀ ਪ੍ਰਾਬਲਮ ਨਹੀਂ ਹਨ। ਮੈਂ ਉਨ੍ਹਾ ਨੂੰ ਦੋ-ਤਿੰਨ ਵਾਰ ਮਿਲ ਚੁੱਕਾ ਹਾਂ। ਉਨ੍ਹਾ ਦੀ ਸਿਰਫ ਸ਼ੋਅਬਾਜ਼ੀ ਹੈ। ਉਨ੍ਹਾ ਵਿੱਚ ਦਮ ਨਹੀਂ ਹੈ। ਉਨ੍ਹਾ ਨੂੰ ਲੋਕਾਂ ਨੇ ਸਿਰ ਚੜ੍ਹਾ ਰੱਖਿਆ ਹੈ।’
ਰਾਹੁਲ ਨੇ ਇਹ ਵੀ ਕਿਹਾ, ‘ਮੇਰੇ ਕੰਮ ਵਿੱਚ ਇੱਕ ਕਮੀ ਰਹਿ ਗਈ। ਮੈਨੂੰ ਓ ਬੀ ਸੀ ਦੀ ਜਿਸ ਤਰ੍ਹਾਂ ਰਾਖੀ ਕਰਨੀ ਚਾਹੀਦੀ ਸੀ, ਮੈਂ ਕੀਤੀ ਨਹੀਂ। 10-15 ਸਾਲ ਪਹਿਲਾਂ ਮੈਨੂੰ ਓ ਬੀ ਸੀ ਦੇ ਮੁੱਦੇ ਡੂੰਘਾਈ ਵਿੱਚ ਸਮਝ ਨਹੀ ਆਏ ਸਨ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਉਸੇ ਵਕਤ ਜਾਤੀ ਜਨਗਣਨਾ ਕਰਵਾ ਦਿੰਦਾ। ਅਸੀਂ ਪਹਿਲਾਂ ਜਾਤੀ ਜਨਗਣਨਾ ਨਹੀਂ ਕਰਵਾ ਸਕੇ, ਇਹ ਕਾਂਗਰਸ ਦੀ ਨਹੀਂ, ਮੇਰੀ ਗਲਤੀ ਸੀ। ਮੈਂ ਇਸ ਨੂੰ ਸੁਧਾਰ ਰਿਹਾ ਹਾਂ। ਤੁਸੀਂ ਮੇਰੀ ਭੈਣ ਪਿ੍ਰਅੰਕਾ ਤੋਂ ਪੁੱਛਿਓ ਕਿ ਜੇ ਰਾਹੁਲ ਨੇ ਕਿਸੇ ਕੰਮ ਲਈ ਮਨ ਬਣਾ ਲਿਆ ਤਾਂ ਉਹ ਉਸ ਨੂੰ ਛੱਡੇਗਾ ਨਹੀਂ। ਮੈਂ ਨਹੀਂ ਛੱਡਣ ਵਾਲਾ।’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਨਰਿੰਦਰ ਮੋਦੀ ਝੂਠਿਆਂ ਦੇ ਸਰਦਾਰ ਹਨ। ਉਨ੍ਹਾ ਦੇਸ਼ ਨਾਲ ਝੂਠ ਬੋਲਿਆ ਕਿ ਦੋ ਕਰੋੜ ਨੌਕਰੀਆਂ ਦੇਣਗੇ। ਸੰਮੇਲਨ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਤੇ ਸਚਿਨ ਪਾਇਲਟ ਸਣੇ ਵੱਖ-ਵੱਖ ਰਾਜਾਂ ਦੇ ਵੱਡੇ ਆਗੂ ਮੌਜੂਦ ਰਹੇ।




