ਬਠਿੰਡਾ (ਬਖਤੌਰ ਢਿੱਲੋਂ, ਪਰਵਿੰਦਰਜੀਤ ਸਿੰਘ)
ਭਾਰਤੀ ਕਮਿਊਨਿਸਟ ਪਾਰਟੀ ਦੇ ਸਤੰਬਰ ਵਿੱਚ ਚੰਡੀਗੜ੍ਹ ’ਚ ਹੋ ਰਹੇ 25ਵੇਂ ਮਹਾਂ-ਸੰਮੇਲਨ (ਕਾਂਗਰਸ) ਨੂੰ ਸਮਰਪਤ ਸਥਾਨਕ ਟੀਚਰਜ਼ ਹੋਮ ਵਿਖੇ ਐਤਵਾਰ ਕਰਵਾਏ ਗਏ ਸੈਮੀਨਾਰ ’ਚ ਬੁਲਾਰਿਆਂ ਨੇ ਸੂਬੇ ਨੂੰ ਦਰਪੇਸ਼ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵਿਚਾਰਧਾਰਕ ਜਦੋਜਹਿਦ ਵਜੋਂ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।
ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਅਰਸ਼ੀ ਨੇ ਕਮਿਊਨਿਸਟ ਲਹਿਰ ਦੀ ਬੁਨਿਆਦ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ’ਤੇ ਪੰਛੀ ਝਾਤ ਪਾਉਦਿਆਂ ਮੌਜੂਦਾ ਦੌਰ ਦੀਆਂ ਚੁਨੌਤੀਆਂ ਦੇ ਸੰਦਰਭ ’ਚ ਖੱਬੀ ਲਹਿਰ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ। ਅਗਾਂਹਵਧੂ ਚਿੰਤਕ ਤੇ ਪ੍ਰਸਿੱਧ ਨਾਵਲਕਾਰ ਮਰਹੂਮ ਜਸਵੰਤ ਸਿੰਘ ਕੰਵਲ ਦੇ ਦੋਹਤੇ ਡਾਕਟਰ ਸੁਮੇਲ ਸਿੰਘ ਸਿੱਧੂ, ਜਿਹੜੇ ਸੈਮੀਨਾਰ ਦੇ ਸੂਤਰਧਾਰ ਵੀ ਸਨ, ਨੇ ਬਠਿੰਡਾ ਦੀ ਸਾਹਿਤਕ ਕਚਹਿਰੀ ਦੀ ਬਾਤ ਪਾਉਦਿਆਂ ਸਰੋਤਿਆਂ ਨਾਲ ਬੀਤੇ ਸਮੇਂ ਦੇ ਪ੍ਰਸਿੱਧ ਸਾਹਿਤਕਾਰਾਂ, ਕਵੀਸ਼ਰਾਂ, ਢਾਡੀਆਂ ਤੇ ਗੀਤਕਾਰਾਂ ਦੀ ਸਾਂਝ ਪੁਆਈ।
ਸਾਹਿਤਕਾਰ, ਨਾਟਕਕਾਰ ਤੇ ਪੰਜਾਬੀ ਟਿ੍ਰਬਿਊਨ ਦੇ ਸਾਬਕਾ ਸੰਪਾਦਕ ਡਾਕਟਰ ਸਵਰਾਜਬੀਰ ਨੇ ਕਿਹਾ ਕਿ ਬੇਰੁਜ਼ਗਾਰੀ ਕਾਰਨ ਰੋਜ਼ੀ-ਰੋਟੀ ਦੇ ਜੁਗਾੜ ਲਈ ਪੰਜਾਬ ’ਚੋਂ ਜਵਾਨੀ ਲਗਾਤਾਰ ਹਿਜ਼ਰਤ ਕਰਕੇ ਵਿਦੇਸ਼ਾਂ ਨੂੰ ਜਾ ਰਹੀ ਹੈ।ਗਰੀਬੀ ਤੇ ਹੋਰ ਸਮੱਸਿਆਵਾਂ ਕਾਰਨ ਜਿਹੜੇ ਨੌਜਵਾਨ ਵਿਦੇਸ਼ ਜਾਣ ਦੇ ਸਮਰੱਥ ਨਹੀਂ, ਉਹ ਨਸ਼ਿਆਂ ਤੇ ਗੈਂਗਸਟਰਵਾਦ ਦੀ ਦਲਦਲ ’ਚ ਗਰਕ ਰਹੇ ਹਨ।ਅਜਿਹੀ ਸਥਿਤੀ ਲਈ ਵਿਦਿਅਕ ਖੇਤਰ ਵਿੱਚ ਆ ਰਹੇ ਨਿਘਾਰ ਦਾ ਜ਼ਿਕਰ ਕਰਦਿਆਂ ਡਾਕਟਰ ਸਵਰਾਜਬੀਰ ਨੇ ਕਿਹਾ ਕਿ ਅਧਿਆਪਕ ਵਰਗ ਤੋਂ ਇਲਾਵਾ ਬੁੱਧੀਜੀਵੀ ਲੋਕ ਵੀ ਇਸ ਲਈ ਬਹੁਤ ਹੱਦ ਤੱਕ ਜ਼ਿੰਮੇਵਾਰ ਹਨ। ਪੰਜਾਬ ਦੀ ਆਰਥਕ, ਸਮਾਜੀ ਤੇ ਰਾਜਸੀ ਤਬਦੀਲੀ ਲਈ ਮਾਂ ਬੋਲੀ ਪੰਜਾਬੀ ਨੂੰ ਇੱਕ ਕਾਰਗਰ ਹਥਿਆਰ ਵਜੋਂ ਪੇਸ਼ ਕਰਦਿਆਂ ਡਾਕਟਰ ਸਵਰਾਜਬੀਰ ਨੇ ਕਿਹਾ, ‘‘ਭਗਤੀ ਲਹਿਰ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਹਾਲਾਤ ਨੂੰ ਬਦਲਣ ਲਈ ਲੋਕ ਬੋਲੀ ਜ਼ਰੀਏ ਨਿਭਾਈ ਗਈ ਭੂਮਿਕਾ ਵਾਂਗ ਸਾਨੂੰ ਵੀ ਇਸ ਪਾਸੇ ਵਿਸ਼ੇਸ਼ ਧਿਆਨ ਕੇਂਦਰਤ ਕਰਨ ਦੀ ਲੋੜ ਹੈ।’’
ਵਿਦਵਾਨਾਂ ਦੇ ਵਿਚਾਰਾਂ ਨੇ ਸਰੋਤਿਆਂ ਨੂੰ ਇਸ ਕਦਰ ਕੀਲ ਰੱਖਿਆ ਕਿ ਏ ਸੀ ਤੋਂ ਬਗੈਰ ਹਾਲ ਵਿੱਚ ਲੋਹੜੇ ਦੀ ਗਰਮੀ ਹੋਣ ਦੇ ਬਾਵਜੂਦ ਵੀ ਉਹ ਸ਼ਾਂਤਚਿੱਤ ਅਖੀਰ ਤੱਕ ਸੁਣਦੇ ਰਹੇ ।
ਸਰੋਤਿਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡਾਕਟਰ ਸਵਰਾਜਬੀਰ ਨੇ ਕਿਹਾ ਕਿ ਉਨ੍ਹਾਂ ਦੇ ਦੁੱਖ ਦਰਦ ਦੀ ਦਵਾ ਇਹੀ ਹੈ ਕਿ ਜਿਸ ਤਰ੍ਹਾਂ ਗਦਰੀ ਬਾਬਿਆਂ, ਅਜਾਦੀ ਘੁਲਾਟੀਆਂ ਤੇ ਨੌਜਵਾਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜਦੋਜਹਿਦ ਕੀਤੀ ਸੀ, ਠੀਕ ਉਸੇ ਤਰ੍ਹਾਂ ਅੱਜ ਦੇ ਦੌਰ ਵਿੱਚ ਇੱਕ ਮਜ਼ਬੂਤ ਕਮਿਊਨਿਸਟ ਲਹਿਰ ਉਸਾਰਨ ਦੀ ਲੋੜ ਹੈ ।
ਅੰਤ ਵਿੱਚ ਜ਼ਿਲ੍ਹਾ ਕਮਿਊਨਿਸਟ ਪਾਰਟੀ ਬਠਿੰਡਾ ਦੇ ਸਕੱਤਰ ਕਾਮਰੇਡ ਬਲਕਰਨ ਸਿੰਘ ਬਰਾੜ ਨੇ ਸਾਰੇ ਸਾਥੀਆਂ ਤੇ ਖਾਸ ਕਰ ਡਾਕਟਰ ਸਵਰਾਜਬੀਰ ਤੇ ਸੁਮੇਲ ਸਿੰਘ ਸਿੱਧੂ ਦਾ ਸੈਮੀਨਾਰ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ।
ਲਗਪਗ 300 ਦੀ ਹਾਜ਼ਰੀ ਵਾਲੇ ਸੈਮੀਨਾਰ ਵਿੱਚ �ਿਸ਼ਨ ਚੌਹਾਨ ਜ਼ਿਲ੍ਹਾ ਸਕੱਤਰ ਮਾਨਸਾ, ਅਸ਼ੋਕ ਕੌਸ਼ਲ ਜ਼ਿਲ੍ਹਾ ਸਕੱਤਰ ਫਰੀਦਕੋਟ, ਖੁਸ਼ੀਆ ਸਿੰਘ ਜ਼ਿਲ੍ਹਾ ਸਕੱਤਰ ਬਰਨਾਲਾ ਤੋਂ ਇਲਾਵਾ ਜਸਵੀਰ ਸਿੰਘ ਅਕਲੀਆ, ਜਸਪਾਲ ਮਨਖੇੜਾ, ਲਛਮਣ ਸਿੰਘ ਮਲੂਕਾ, ਮੱਖਣ ਸਿੰਘ ਗੁਰੂਸਰ, ਮਿੱਠੂ ਸਿੰਘ ਘੁੱਦਾ, ਡਾ. ਬਲਦੇਵ ਸਿੰਘ ਗਰੇਵਾਲ, ਜਰਨੈਲ ਸਿੰਘ ਭਾਈ ਰੂਪਾ, ਰਣਬੀਰ ਰਾਣਾ, ਡਾਕਟਰ ਨੀਤੂ ਅਰੋੜਾ ਤੇ ਪ੍ਰੋਫੈਸਰ ਸ਼ੁਭ ਪ੍ਰੇਮ ਬਰਾੜ ਵੀ ਮੌਜੂਦ ਰਹੇ।





