ਪਹਿਲਗਾਮ ਹਮਲੇ ਦੇ ਸਾਜ਼ਿਸ਼ਘਾੜੇ ਸਣੇ ਤਿੰਨ ਦਹਿਸ਼ਤਗਰਦ ਮਾਰਨ ਦਾ ਦਾਅਵਾ

0
132

ਸ੍ਰੀਨਗਰ : ਫੌਜ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਸੁਲੇਮਾਨ ਸ਼ਾਹ ਸਣੇ 3 ਦਹਿਸ਼ਤਗਰਦਾਂ ਨੂੰ ਸੋਮਵਾਰ ਮੁਕਾਬਲੇ ਦੌਰਾਨ ਮਾਰ ਦੇਣ ਦਾ ਦਾਅਵਾ ਕੀਤਾ। ਪਹਿਲਗਾਮ ਹਮਲੇ ਵਿੱਚ 26 ਜਣਿਆਂ ਦੀ ਜਾਨ ਗਈ ਸੀ। ਜੰਮੂ-ਕਸ਼ਮੀਰ ਦੇ ਦਾਚੀਗਾਮ ਨੇੜਲੇ ਜੰਗਲਾਂ ਵਿੱਚ ਦਹਿਸ਼ਤਗਰਦਾਂ ਖਿਲਾਫ ਅਪ੍ਰੇਸ਼ਨ ਮਹਾਂਦੇਵ ਦੌਰਾਨ ਮੁਕਾਬਲਾ ਹੋਇਆ। ਪਿਛਲੇ ਮਹੀਨੇ ਖੁਫੀਆ ਜਾਣਕਾਰੀ ਤੋਂ ਪਤਾ ਲੱਗਿਆ ਸੀ ਕਿ ਦਹਿਸ਼ਤਗਰਦ ਸ਼ਾਇਦ ਦਾਚੀਗਾਮ ਖੇਤਰ ਵੱਲ ਵਧੇ ਹੋਣਗੇ, ਜੋ ਕਿ ਸ੍ਰੀਨਗਰ ਤੋਂ ਲਗਭਗ 20 ਕਿਲੋਮੀਟਰ ਦੂਰ ਹੈ। ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ ਸੋਮਵਾਰ ਸਵੇਰੇ ਹਰਵਾਨ ਦੇ ਮੁਲਨਾਰ ਖੇਤਰ ਵਿੱਚ ਕਾਰਵਾਈ ਸ਼ੁਰੂ ਕੀਤੀ। ਜਦੋਂ ਸੁਰੱਖਿਆ ਬਲ ਇਲਾਕੇ ਦੀ ਤਲਾਸ਼ੀ ਲੈ ਰਹੇ ਸਨ ਤਾਂ ਦੂਰੋਂ ਦੋ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਲਾਕੇ ਵਿੱਚ ਵਾਧੂ ਸੁਰੱਖਿਆ ਬਲ ਭੇਜ ਕੇ ਤਲਾਸ਼ੀ ਮੁਹਿੰਮ ਆਰੰਭੀ ਗਈ। ਇਸ ਦੌਰਾਨ ਹੋਏ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਮਾਰੇ ਗਏ।