ਨਵੀਂ ਦਿੱਲੀ : ਪਹਿਲਗਾਮ ਵਿੱਚ ਦਹਿਸ਼ਤਗਰਦਾਂ ਦੇ ਹਮਲੇ ਅਤੇ ਉਸ ਤੋਂ ਬਾਅਦ ਪਾਕਿਸਤਾਨ ਖਿਲਾਫ ਅਪ੍ਰੇਸ਼ਨ ਸਿੰਧੂਰ ਉੱਤੇ ਸੋਮਵਾਰ ਲੋਕ ਸਭਾ ਵਿੱਚ ਸ਼ੁਰੂ ਹੋਈ ਬਹਿਸ ਦੌਰਾਨ ਕਾਂਗਰਸ ਆਗੂ ਗੌਰਵ ਗੋਗੋਈ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਪੁੱਛਿਆ ਕਿ ਲੜਾਈ ਦੌਰਾਨ ਕਿੰਨੇ ਰਾਫੇਲ ਜੈੱਟਾਂ ਦਾ ਨੁਕਸਾਨ ਹੋਇਆ। ਉਨ੍ਹਾ ਕਿਹਾ ਕਿ ਭਾਰਤ ਕੋਲ ਸਿਰਫ 35 ਰਾਫੇਲ ਜੈੱਟ ਹਨ ਤੇ ਜੇ ਇਨ੍ਹਾਂ ਵਿੱਚੋਂ ਕੋਈ ਫੁੰਡਿਆ ਗਿਆ ਤਾਂ ਉਹ ਸੋਚਦੇ ਹਨ ਕਿ ਬਹੁਤ ਵੱਡਾ ਨੁਕਸਾਨ ਹੈ। ਗੋਗੋਈ ਨੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਦਾ ਹਵਾਲਾ ਦਿੱਤਾ, ਜਿਨ੍ਹਾ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਭਾਰਤ ਨੂੰ ਸ਼ੁਰੂ ਵਿੱਚ ਨੁਕਸਾਨ ਝੱਲਣਾ ਪਿਆ ਸੀ। ਗੋਗੋਈ ਨੇ ਕਿਹਾ ਕਿ ਅਪ੍ਰੇਸ਼ਨ ਸਿੰਧੂਰ ਦੌਰਾਨ ਹੋਏ ਨੁਕਸਾਨ ਬਾਰੇ ਸਰਕਾਰ ਨੂੰ ਸਪੱਸ਼ਟ ਦੱਸਣਾ ਚਾਹੀਦਾ ਹੈ। ਨਾ ਸਿਰਫ ਲੋਕਾਂ ਨੂੰ, ਸਗੋਂ ਜਵਾਨਾਂ ਨੂੰ ਵੀ, ਕਿਉਕਿ ਉਨ੍ਹਾਂ ਨਾਲ ਵੀ ਝੂਠ ਬੋਲਿਆ ਜਾ ਰਿਹਾ ਹੈ।
ਗੋਗੋਈ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਤੋਂ ਜਾਨਣਾ ਚਾਹੁੰਦੇ ਹਨ ਕਿ ਜੇ ਪਾਕਿਸਤਾਨ ਭਾਰਤ ਅੱਗੇ ਗੋਡੇ ਟੇਕਣ ਲਈ ਤਿਆਰ ਸੀ ਤਾਂ ਟਿਕਵਾਏ ਕਿਉ ਨਹੀਂ ਅਤੇ ਕਿਸ ਦੇ ਕਹਿਣ ’ਤੇ ਭਾਰਤ ਨੇ ਜੰਗਬੰਦੀ ਲਈ ਆਤਮ-ਸਮਰਪਣ ਕੀਤਾ?
ਇਸ ਤੋਂ ਪਹਿਲਾਂ ਰਾਜਨਾਥ ਨੇ ਬਿਆਨ ਦਿੰਦਿਆਂ ਕਿਹਾ ਕਿ ਆਪੋਜ਼ੀਸ਼ਨ ਦੇ ਕੁਝ ਮੈਂਬਰ ਪੁੱਛ ਰਹੇ ਹਨ ਕਿ ਭਾਰਤ ਦੇ ਕਿੰਨੇ ਜਹਾਜ਼ ਡਿੱਗੇ। ਉਨ੍ਹਾਂ ਨੂੰ ਸਵਾਲ ਤਾਂ ਇਹ ਪੁੱਛਣਾ ਚਾਹੀਦਾ ਹੈ ਕਿ ਦੁਸ਼ਮਣ ਦੇ ਕਿੰਨੇ ਜਹਾਜ਼ ਫੁੰਡੇ ਗਏ।
ਗੋਗੋਈ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵੀ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਪਹਿਲਗਾਮ ਹਮਲੇ ਦੌਰਾਨ ਖਾਮੀਆਂ ਲਈ ਉਹ ਜ਼ਿੰਮੇਵਾਰੀ ਲੈਣ।
ਇਸੇ ਦੌਰਾਨ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਸਰਕਾਰ ਨੂੰ ਘੇਰਨ ’ਤੇ ਰਾਜ ਸਭਾ ਵਿੱਚ ਹੰਗਾਮਾ ਹੋਣ ਤੋਂ ਪਹਿਲਾਂ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਤੇ ਫਿਰ ਦਿਨ ਭਰ ਲਈ ਉਠਾ ਦਿੱਤੀ ਗਈ।




