ਮਾਨਸਾ (ਆਤਮਾ ਸਿੰਘ ਪਮਾਰ)
ਸੀ ਪੀ ਆਈ ਦਾ 25ਵਾਂ ਮਹਾਂ-ਸੰਮੇਲਨ,ਜੋ ਕਿ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਪੰਜਾਬ ਨੂੰ ਮਿਲਿਆ ਹੈ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ, ਜਿਸ ਦੀਆਂ ਤਿਆਰੀਆਂ ਅਤੇ ਸਫਲਤਾ ਲਈ ਪੂਰੀ ਪਾਰਟੀ ਲੀਡਰਸ਼ਿਪ ਜੰਗੀ ਪੱਧਰ ’ਤੇ ਜੁਟੀ ਹੋਈ ਹੈ। ਇਸ ਸੰਬੰਧੀ ਜ਼ਿਲ੍ਹਾ ਸਕੱਤਰੇਤ ਮੀਟਿੰਗ ਸੁਖਰਾਜ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਮੌਕੇ ਪਾਰਟੀ ਕਾਂਗਰਸ ਦੀ ਸਫਲਤਾ, ਫੰਡ ਤੇ 21 ਸਤੰਬਰ ਦੀ ਮੁਹਾਲੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਵਿਚਾਰ-ਚਰਚਾ ਕੀਤੀ ਗਈ।ਫੰਡ ਮੁਹਿੰਮ ਜਾਰੀ ਰੱਖਣ ਅਤੇ ਦਸ ਲੱਖ ਰੁਪਏ ਦਾ ਵੱਡਾ ਸਹਿਯੋਗ ਦੇਣ ਲਈ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਅਤੇ ਜ਼ਿਲ੍ਹਾ ਲੀਡਰਸ਼ਿਪ ਨੂੰ ਉਤਸ਼ਾਹਤ ਕਰਨ ਸੰਬੰਧੀ ਉਹਨਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪਾਰਟੀ ਦਾ 25ਵਾਂ ਚੰਡੀਗੜ੍ਹ ਮਹਾਂ-ਸੰਮੇਲਨ ਪਾਰਟੀ ਇਤਿਹਾਸ ’ਚ ਨਵਾਂ ਮੀਲ ਪੱਥਰ ਗੱਡੇਗਾ, ਕਿਉਕਿ ਸੰਮੇਲਨ ਪ੍ਰਤੀ ਹਰ ਪਾਸਿਓਂ ਮਿਲ ਰਿਹਾ ਸਹਿਯੋਗ ਤੇ ਉਤਸ਼ਾਹ ਇਸ ਦੀ ਗਵਾਹੀ ਭਰ ਰਿਹਾ ਹੈ। ਅਰਸ਼ੀ ਨੇ ਜ਼ੋਰਦਾਰ ਢੰਗ ਅਤੇ ਤਨਦੇਹੀ ਨਾਲ ਪ੍ਰੋਗਰਾਮ ਨੂੰ ਸਿਰੇ ਚੜ੍ਹਾਉਣ ਦੀ ਅਪੀਲ ਵੀ ਕੀਤੀ।ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਨੇ 21 ਸਤੰਬਰ ਦੀ ਮੁਹਾਲੀ ਰੈਲੀ ਤੇ ਮਹਾਂ-ਸੰਮੇਲਨ ਦੀਆਂ ਜ਼ੋਰਦਾਰ ਤਿਆਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚੋਂ ਇੱਕ ਹਜ਼ਾਰ ਦੇ ਵੱਡੇ ਕਾਫ਼ਲੇ ਦੇ ਰੂਪ ’ਚ ਸਾਥੀ ਸ਼ਾਮਲ ਹੋਣਗੇ। ਉਹਨਾ ਪ੍ਰੋਗਰਾਮ ਨੂੰ ਤਨਦੇਹੀ ਨਾਲ ਹਰ ਪੱਖੋਂ ਨਿਭਾਉਣ ਦਾ ਵਾਅਦਾ ਕੀਤਾ।ਮੀਟਿੰਗ ਦੌਰਾਨ ਪਾਰਟੀ ਵੱਲੋਂ ਉੱਘੇ ਦੇਸ਼ ਭਗਤਾਂ ਦੇ ਅਸਥਾਨਾਂ ਤੋਂ ਚੱਲਣ ਵਾਲੇ ਜਥਿਆਂ ਨੂੰ ਸਫਲ ਬਣਾਉਣ ਤੇ ਸਵਾਗਤ ਲਈ ਲੀਡਰਸ਼ਿਪ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।30 ਜੁਲਾਈ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਪਾਲਸੀ ਖ਼ਿਲਾਫ਼ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀ ਹਮਾਇਤ ਕਰਦਿਆਂ ਸਾਥੀਆਂ ਨੂੰ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ।ਮੀਟਿੰਗ ਦੌਰਾਨ ਐਡਵੋਕੇਟ ਕੁਲਵਿੰਦਰ ਉਡਤ, ਸੀਤਾ ਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਸੁਖਰਾਜ ਸਿੰਘ ਜੋਗਾ, ਰਤਨ ਭੋਲਾ, ਮਲਕੀਤ ਸਿੰਘ ਮੰਦਰਾਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।





