ਨਵੀਂ ਦਿੱਲੀ : ‘ਅਪ੍ਰੇਸ਼ਨ ਸਿੰਧੂਰ’ ਉੱਤੇ ਬਹਿਸ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੰਗਾਰਿਆ ਕਿ ਜੇ ਉਨ੍ਹਾ ਵਿੱਚ ਦਮ ਹੈ ਤਾਂ ਲੋਕ ਸਭਾ ਵਿੱਚ ਕਹਿਣ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਝੂਠ ਬੋਲ ਰਹੇ ਹਨ ਕਿ ਭਾਰਤ-ਪਾਕਿਸਤਾਨ ਜੰਗ ਉਨ੍ਹਾ ਨੇ ਰੁਕਵਾਈ। ਜੇ ਉਨ੍ਹਾ ਵਿੱਚ ਇੰਦਰਾ ਗਾਂਧੀ ਦੀ ਤਰ੍ਹਾਂ ਪੰਜਾਹ ਫੀਸਦੀ ਵੀ ਦਮ ਹੈ ਤਾਂ ਕਹਿਣ ਕਿ ਟਰੰਪ ਨੇ ਜੰਗਬੰਦੀ ਨਹੀਂ ਕਰਵਾਈ। ਜੰਗ ਦੌਰਾਨ ਭਾਰਤ ਦਾ ਇੱਕ ਵੀ ਫਾਈਟਰ ਜੈੱਟ ਨਹੀਂ ਡਿੱਗਿਆ।
ਪਿ੍ਰਅੰਕਾ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਸੱਤਾਧਾਰੀ ਧਿਰ ’ਤੇ ਤਿੱਖੇ ਹਮਲੇ ਕਰਦਿਆਂ ਸਰਕਾਰ ਦੀ ਕਾਰਗੁਜ਼ਾਰੀ, ਖੁਫੀਆ ਨਾਕਾਮੀ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਚੁੱਕੇ। ਉਨ੍ਹਾ ਕਿਹਾ, ‘ਸੱਤਾਧਾਰੀ ਪਾਰਟੀ ਦੇ ਲੋਕਾਂ ਨੇ ਵੱਖ-ਵੱਖ ਪਹਿਲੂਆਂ ’ਤੇ ਗੱਲ ਕੀਤੀ, ਪਰ ਇਸ ਦਾ ਜਵਾਬ ਨਹੀਂ ਦਿੱਤਾ ਕਿ ਪਹਿਲਗਾਮ ਅੱਤਵਾਦੀ ਹਮਲਾ ਕਿਉਂ ਅਤੇ ਕਿਵੇਂ ਹੋਇਆ। ਕੀ ਸਰਕਾਰ ਨੂੰ ਪਤਾ ਨਹੀਂ ਸੀ ਕਿ ਹਜ਼ਾਰਾਂ ਸੈਲਾਨੀ ਬੈਸਾਰਨ ਘਾਟੀ ਜਾਂਦੇ ਹਨ? ਉੱਥੇ ਸੁਰੱਖਿਆ ਕਿਉਂ ਨਹੀਂ ਸੀ? ਉਨ੍ਹਾਂ ਨੂੰ ਰੱਬ ਦੇ ਭਰੋਸੇ ਕਿਉਂ ਛੱਡ ਦਿੱਤਾ ਗਿਆ? ’
ਪਿ੍ਰਅੰਕਾ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਇੱਥੋਂ ਤੱਕ ਕਿ ਉਨ੍ਹਾ ਦੀ ਮਾਂ (ਸੋਨੀਆ ਗਾਂਧੀ) ਦੇ ਹੰਝੂਆਂ ਬਾਰੇ ਵੀ ਗੱਲ ਕੀਤੀ, ਪਰ ਇਸ ਦਾ ਜਵਾਬ ਨਹੀਂ ਦਿੱਤਾ ਕਿ ਜੰਗ ਉਸ ਸਮੇਂ ਕਿਉਂ ਰੋਕੀ ਗਈ, ਜਦੋਂ ਦੁਸ਼ਮਣ ਕੋਲ ਭੱਜਣ ਲਈ ਕੋਈ ਥਾਂ ਨਹੀਂ ਸੀ।
ਉਨ੍ਹਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ (ਐੱਨ ਐੱਸ ਏ) ਦੀ ਜ਼ਿੰਮੇਵਾਰੀ ’ਤੇ ਜ਼ੋਰ ਦਿੰਦਿਆਂ ਪੁੱਛਿਆ ਕਿ ਕੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਤੇ ਐੱਨ ਐੱਸ ਏ ਦੀ ਜ਼ਿੰਮੇਵਾਰੀ ਨਹੀਂ? ਉਨ੍ਹਾ ਖੁਫੀਆ ਏਜੰਸੀਆਂ ਦੀ ਨਾਕਾਮੀ ’ਤੇ ਵੀ ਸਵਾਲ ਚੁੱਕੇ ਅਤੇ ਪੁੱਛਿਆ ਕਿ ਕੀ ਕਿਸੇ ਸਰਕਾਰੀ ਏਜੰਸੀ ਨੂੰ ਪਤਾ ਨਹੀਂ ਸੀ ਕਿ ਅਜਿਹਾ ਭਿਆਨਕ ਅੱਤਵਾਦੀ ਹਮਲਾ ਹੋਣ ਵਾਲਾ ਹੈ ਅਤੇ ਪਾਕਿਸਤਾਨ ਵਿੱਚ ਇੱਕ ਸਾਜ਼ਿਸ਼ ਘੜੀ ਜਾ ਰਹੀ ਹੈ? ਉਨ੍ਹਾ ਇਸ ਨੂੰ ਸਰਕਾਰ ਅਤੇ ਖੁਫੀਆ ਏਜੰਸੀਆਂ ਦੀ ਵੱਡੀ ਨਾਕਾਮੀ ਕਰਾਰ ਦਿੱਤਾ ਅਤੇ ਪੁੱਛਿਆ ਕਿ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ, ਕੀ ਕਿਸੇ ਨੇ ਅਸਤੀਫਾ ਦਿੱਤਾ ਹੈ?
ਪਿ੍ਰਅੰਕਾ ਨੇ ਭਾਜਪਾ ਨੂੰ ਇਤਿਹਾਸ ਦੀ ਬਜਾਏ ਵਰਤਮਾਨ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ। ਉਨ੍ਹਾ ਕਿਹਾ, ‘ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ, ਮੈਂ ਵਰਤਮਾਨ ਦੀ ਗੱਲ ਕਰਨਾ ਚਾਹੁੰਦੀ ਹਾਂ, ਤੁਹਾਨੂੰ ਪਿਛਲੇ 11 ਸਾਲਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।’ ਉਨ੍ਹਾ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨੱਕ ਹੇਠ ਮਨੀਪੁਰ ਸੜਿਆ, ਦਿੱਲੀ ਵਿੱਚ ਦੰਗੇ ਹੋਏ, ਪਹਿਲਗਾਮ ਹਮਲਾ ਹੋਇਆ, ਪਰ ਉਹ ਅਜੇ ਵੀ ਉਸੇ ਅਹੁਦੇ ’ਤੇ ਹਨ।’ ਪਿ੍ਰਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦਿਆਂ ਕਿਹਾ ਕਿ ਅਗਵਾਈ ਸਿਰਫ ਸਿਹਰਾ ਲੈਣ ਬਾਰੇ ਨਹੀਂ ਹੁੰਦੀ, ਬਲਕਿ ਜ਼ਿੰਮੇਵਾਰੀ ਲੈਣੀ ਵੀ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ-ਪਾਕਿਸਤਾਨ ਜੰਗਬੰਦੀ ਦਾ ਐਲਾਨ ਕਰਨ ’ਤੇ ਪ੍ਰਧਾਨ ਮੰਤਰੀ ਦੀ ਨਿੰਦਾ ਕੀਤੀ। ਉਨ੍ਹਾ ਕਿਹਾ, ‘ਸਾਡੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਜੰਗ ਰੋਕੀ ਗਈ ਹੈ ਅਤੇ ਇਸ ਦਾ ਐਲਾਨ ਸਾਡੀ ਸਰਕਾਰ ਜਾਂ ਫੌਜ ਵੱਲੋਂ ਨਹੀਂ, ਬਲਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਕੀਤਾ ਗਿਆ ਹੈ। ਇਹ ਸਾਡੇ ਪ੍ਰਧਾਨ ਮੰਤਰੀ ਦੀ ਗੈਰ-ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।’
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2005 ਅਤੇ 2011 ਦਰਮਿਆਨ 27 ਅੱਤਵਾਦੀ ਹਮਲੇ ਹੋਏ। ਉਨ੍ਹਾ ਕਿਹਾ, ‘ਭਾਜਪਾ ਸਰਕਾਰ ਨੇ ਕੀ ਕੀਤਾ? ਉਨ੍ਹਾਂ ਸਿਰਫ ਪਾਕਿਸਤਾਨ ਨੂੰ ਡੋਜ਼ੀਅਰ ਭੇਜੇ।’ ਪਾਕਿਸਤਾਨ ਨੂੰ ਸਾਰੇ ਅੱਤਵਾਦ ਦੀ ਜੜ੍ਹ ਦੱਸਦਿਆਂ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਕਾਂਗਰਸ ਵੱਲੋਂ ਕੀਤੀ ਗਈ ਇੱਕ ਗਲਤੀ ਸੀ। ਜੇ ਉਸ ਨੇ ਨੇ ਵੰਡ ਨੂੰ ਰੱਦ ਕਰ ਦਿੱਤਾ ਹੁੰਦਾ, ਤਾਂ ਅੱਜ ਪਾਕਿਸਤਾਨ ਨਾ ਹੁੰਦਾ।





