ਦੁਬਈ : ਏਸ਼ੀਆ ਕੱਪ ਦੇ ਸੁਪਰ-4 ਗੇੜ ਦੌਰਾਨ ਪਾਕਿਸਤਾਨ ਵਿਰੁੱਧ ਮੈਚ ’ਚ ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ ਦਾ ਕੈਚ ਛੱਡਣ ਕਰਕੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਸੋਸ਼ਲ ਮੀਡੀਆ ’ਤੇ ਸਾਖ ਵਿਗਾੜੀ ਜਾ ਰਹੀ ਹੈ। ਪਾਕਿਸਤਾਨ ਤੋਂ ਟਵਿੱਟਰ ਖਾਤਿਆਂ ’ਤੇ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ ਕਿਹਾ ਗਿਆ ਅਤੇ ਕੈਚ ਛੱਡੇ ਜਾਣ ਮਗਰੋਂ ਉਸ ਦੇ ਵਿਕੀਪੀਡੀਆ ਪੇਜ ’ਤੇ ਖਾਲਿਸਤਾਨੀ ਲਿਖ ਦਿੱਤਾ ਗਿਆ। ਇਸ ਦੌਰਾਨ ਅਰਸ਼ਦੀਪ ਦਾ ਸਮਰਥਨ ਕਰਦਿਆਂ ਸੋਸ਼ਲ ਮੀਡੀਆ ’ਤੇ ਕੁਝ ਟਵੀਟਾਂ ਵਿਚ ਇਹ ਕਿਹਾ ਗਿਆ ਕਿ ਹੁਣ ਪਾਕਿਸਤਾਨ ਤੋਂ ਖਾਲਿਸਤਾਨੀ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਤੇ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ। ਦੂੁਜੇ ਪਾਸੇ ਪੰਜਾਬ ਸਰਕਾਰ ਮੁਹਾਲੀ ਵਾਸੀ ਕਿ੍ਰਕਟਰ ਅਰਸ਼ਦੀਪ ਦੇ ਹੱਕ ਵਿਚ ਨਿੱਤਰੀ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿ੍ਰਕਟਰ ਦੇ ਸਮਰਥਨ ਵਿਚ ਆਵਾਜ਼ ਉਠਾਈ ਹੈ। ਹੇਅਰ ਨੇ ਕਿਹਾਖੇਡ ’ਚ ਹਾਰ-ਜਿੱਤ ਹੁੰਦੀ ਰਹਿੰਦੀ ਹੈ। ਅਰਸ਼ਦੀਪ ਨੇ ਬਹੁਤ ਥੋੜ੍ਹੇ ਸਮੇਂ ’ਚ ਨਾਂਅ ਕਮਾਇਆ ਹੈ ਅਤੇ ਪਾਕਿਸਤਾਨ ਖਿਲਾਫ ਵੀ ਵਧੀਆ ਪ੍ਰਦਰਸ਼ਨ ਕੀਤਾ। ਇਕ ਕੈਚ ਛੱਡਣ ਕਰਕੇ ਉਸ ਦੀ ਆਲੋਚਨਾ ਕਰਨਾ ਗਲਤ ਹੈ। ਅਰਸ਼ਦੀਪ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ-ਸਰੋਤ ਹੈ। ਖੇਡਾਂ ਵਿਚ ਨਫਰਤ ਲਈ ਕੋਈ ਥਾਂ ਨਹੀਂ। ਮੀਤ ਹੇਅਰ ਨੇ ਅਰਸ਼ਦੀਪ ਦੀ ਮਾਂ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਅਤੇ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ।
ਇਸੇ ਦੌਰਾਨ ਭਾਰਤੀ ਕਿ੍ਰਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਅਰਸ਼ਦੀਪ ਦਾ ਸਮਰਥਨ ਕੀਤਾ ਹੈ। ਕੋਹਲੀ ਨੇ ਐਤਵਾਰ ਨੂੰ ਮੈਚ ਤੋਂ ਬਾਅਦ ਕਿਹਾਜਦੋਂ ਮੈਂ ਚੈਂਪੀਅਨਜ਼ ਟਰਾਫੀ ਵਿਚ ਪਾਕਿਸਤਾਨ ਖਿਲਾਫ ਪਹਿਲੀ ਵਾਰ ਖੇਡਿਆ ਤਾਂ ਖਰਾਬ ਸ਼ਾਟ ਖੇਡਣ ਕਰਕੇ ਆਊਟ ਹੋ ਗਿਆ ਸੀ। ਦਬਾਅ ’ਚ ਕੋਈ ਵੀ ਗਲਤੀ ਕਰ ਸਕਦਾ ਹੈ। ਇਹ ਬੁਰਾ ਲੱਗਣਾ ਸੁਭਾਵਿਕ ਹੈ। ਟੀਮ ’ਚ ਹੁਣ ਮਾਹੌਲ ਵਧੀਆ ਹੈ। ਇਸ ਦਾ ਸਿਹਰਾ ਪ੍ਰਬੰਧਕਾਂ ਤੇ ਕਪਤਾਨ ਸਿਰ ਬੱਝਦਾ ਹੈ। ਕਿਸੇ ਨੂੰ ਵੀ ਆਪਣੀ ਗਲਤੀ ਮੰਨਣੀ ਚਾਹੀਦੀ ਹੈ, ਇਸ ਨੂੰ ਸੁਧਾਰਨਾ ਚਾਹੀਦਾ ਹੈ ਤੇ ਅਗਾਂਹ ਵੀ ਦਬਾਅ ਵਾਲੀ ਸਥਿਤੀ ਨਾਲ ਨਜਿੱਠਣ ਲਈ ਅੱਗੇ ਵਧਣਾ ਚਾਹੀਦਾ ਹੈ।
ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਭਜਨ ਸਿੰਘ, ਰਾਘਵ ਚੱਢਾ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੰਜਾਬ ਦੇ ਕਿ੍ਰਕਟਰ ਅਰਸ਼ਦੀਪ ਸਿੰਘ ਦਾ ਬਚਾਅ ਕੀਤਾ ਹੈ। ਸਾਬਕਾ ਕਿ੍ਰਕਟਰ ਹਰਭਜਨ ਸਿੰਘ ਨੇ ਟਵੀਟ ਕੀਤਾਨੌਜਵਾਨ ਅਰਸ਼ਦੀਪ ਸਿੰਘ ਦੀ ਆਲੋਚਨਾ ਬੰਦ ਕਰੋ। ਕੋਈ ਜਾਣਬੁੱਝ ਕੇ ਕੈਚ ਨਹੀਂ ਛੱਡਦਾ। ਸਾਨੂੰ ਆਪਣੀ ਟੀਮ ’ਤੇ ਮਾਣ ਹੈ। ਪਾਕਿਸਤਾਨ ਬਿਹਤਰ ਖੇਡਿਆ। ਇਸ ਪਲੇਟਫਾਰਮ ’ਤੇ ਖਿਡਾਰੀਆਂ ਬਾਰੇ ਘਟੀਆ ਗੱਲਾਂ ਕਰਨ ਵਾਲਿਆਂ ’ਤੇ ਸ਼ਰਮ ਆਉਂਦੀ ਹੈ। ਅਰਸ਼ਦੀਪ ਖਰਾ ਸੋਨਾ ਹੈ।
ਰਾਘਵ ਚੱਢਾ ਨੇ ਕਿਹਾਅਰਸ਼ਦੀਪ ਏਨਾ ਹੋਣਹਾਰ ਹੈ, ਆਉਣ ਵਾਲੇ ਸਮੇਂ ਵਿਚ ਭਾਰਤੀ ਗੇਂਦਬਾਜ਼ਾਂ ਦੀ ਅਗਵਾਈ ਕਰੇਗਾ। ਨਫਰਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾਖੇਡ ਵਿਚ ਅਜਿਹਾ ਹੁੰਦਾ ਰਹਿੰਦਾ ਹੈ। ਸਾਨੂੰ ਆਪਣੇ ਖਿਡਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਅਰਸ਼ਦੀਪ ਸਿੰਘ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਉਸ ਦੇ ਸਾਹਮਣੇ ਸੁਨਹਿਰੀ ਭਵਿੱਖ ਹੈ। ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਅਰਸ਼ਦੀਪ ਨੂੰ ਖਾਲਿਸਤਾਨੀ ਆਖਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾਅਰਸ਼ਦੀਪ ਸਿੰਘ ਹੋਣਹਾਰ ਖਿਡਾਰੀ ਹੈ, ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੂਰਾ ਦੇਸ਼ ਉਸ ਦੇ ਨਾਲ ਹੈ। ਕਿ੍ਰਕਟ ਤੋਂ ਪਹਿਲਾਂ ਦੇਸ਼ ਹੈ ਅਤੇ ਪਾਕਿਸਤਾਨ ਦੇ ਕੂੜ ਪ੍ਰਚਾਰ ਨੂੰ ਖਾਰਜ ਕਰਕੇ ਮੈਂ ਅਰਸ਼ਦੀਪ ਸਿੰਘ ਦੇ ਨਾਲ ਹਾਂ।





