ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ 103 ਨੋਡਲ ਸ਼ਿਕਾਇਤ ਕੇਂਦਰ ਸਥਾਪਤ

0
349

ਚੰਡੀਗੜ੍ਹ (ਗੁਰਜੀਤ ਬਿੱਲਾ)-ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਦੱਸਿਆ ਕਿ ਪੰਜਾਬ ਦੇ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੂਬੇ ਭਰ ’ਚ 103 ਨੋਡਲ ਸ਼ਿਕਾਇਤ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਖਪਤਕਾਰ ਟੋਲ ਫ੍ਰੀ ਨੰਬਰ 1912 ’ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਟੋਲ ਫ੍ਰੀ ਨੰਬਰ 1912 ਪ੍ਰਣਾਲੀ ਦੀ ਸਮੀਖਿਆ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਸੂਬੇ ਭਰ ’ਚ ਲੱਗਭੱਗ 99 ਲੱਖ ਖਪਤਕਾਰਾਂ ਨੂੰ ਬਿਜਲੀ ਸਪਲਾਈ ਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਪੀ ਐੱਸ ਪੀ ਸੀ ਅੱੈਲ ਕੋਲ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਠੀਕ ਕਰਨ ਵਾਸਤੇ 9000 ਤੋਂ ਵੱਧ ਸਮਰਪਿਤ ਕਰਮਚਾਰੀ/ਅਧਿਕਾਰੀ ਹਨ। ਮੰਤਰੀ ਨੇ ਦੱਸਿਆ ਕਿ ਉਹ 24 ਘੰਟੇ ਸ਼ਿਫਟਾਂ ਵਿੱਚ ਕੰਮ ਕਰਦੇ ਹਨ, ਜੋ ਕਿ 500 ਸਬ-ਡਵੀਜ਼ਨ ਦਫਤਰਾਂ ਵਿੱਚ ਵੰਡੇ ਹੋਏ ਹਨ।
ਉਹਨਾ ਦੱਸਿਆ ਕਿ ਇਸੇ ਤਰ੍ਹਾਂ ਇਨ੍ਹਾਂ ਸ਼ਿਕਾਇਤ ਕੇਂਦਰਾਂ ਦੀ ਨਿਗਰਾਨੀ ਲਈ ਮੁੱਖ ਦਫਤਰ ਪਟਿਆਲਾ ਵਿਖੇ ਕੰਟਰੋਲ ਰੂਮ ਅਤੇ ਪੰਜ਼ ਜ਼ੋਨਲ ਪੱਧਰ ’ਤੇ ਵੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਸ਼ਿਕਾਇਤਾਂ ਦਰਜ ਕਰਨ ਲਈ ਖਪਤਕਾਰਾਂ ਕੋਲ ਪਹਿਲਾਂ ਹੀ ਟੋਲ ਫ੍ਰੀ ਨੰਬਰ 1912 ’ਤੇ ਕਾਲ ਕਰਨ ਜਾਂ 1912 ’ਤੇ ‘ਨੋ ਸਪਲਾਈ’ ਮੈਸੇਜ ਕਰਨ ਦਾ ਬਦਲ ਹੈ। ਸ਼ਿਕਾਇਤਾਂ ਦਰਜ ਕਰਾਉਣ ਲਈ ਇੱਕ ਮੋਬਾਇਲ ਐਪ ਐਂਡਰਾਇਡ ਅਤੇ ਆਈ ਓ ਐੱਸ ਐਪ ਮੋਬਾਇਲ ਫੋਨਾਂ ਲਈ ਵੀ ਉਪਲੱਬਧ ਹੈ। ਮੰਤਰੀ ਨੇ ਦੱਸਿਆ ਕਿ ਸ਼ਿਕਾਇਤ ਪ੍ਰਣਾਲੀ ਨੂੰ ਹੋਰ ਸਰਲ ਬਣਾਉਣ ਦੀ ਕੋਸ਼ਿਸ਼ ਵਿੱਚ ਪੀ ਐੱਸ ਪੀ ਸੀ ਐੱਲ ਵੱਲੋਂ ਖਪਤਕਾਰਾਂ ਨੂੰ ਮਿਸਡ ਕਾਲਾਂ ’ਤੇ ਸਪਲਾਈ ਦੀਆਂ ਸ਼ਿਕਾਇਤਾਂ ਦੀ ਇੱਕ ਨਵੀਂ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ। ਸੂਬੇ ਦੇ ਬਿਜਲੀ ਖਪਤਕਾਰ ਟੋਲ ਫ੍ਰੀ ਨੰਬਰ 1800-180-1512 ’ਤੇ ਮਿਸਡ ਕਾਲ ਕਰਕੇ ਸ਼ਿਕਾਇਤਾਂ ਦਰਜ ਕਰਾ ਸਕਦੇ ਹਨ। ਜੇਕਰ ਖਪਤਕਾਰ ਦਾ ਮੋਬਾਇਲ ਨੰਬਰ ਪੀ ਐੱਸ ਪੀ ਸੀ ਐੱਲ ਨਾਲ ਰਜਿਸਟਰਡ ਨਹੀਂ ਹੈ, ਤਾਂ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਨ ਲਈ ਇੱਕ ਲਿੰਕ ਭੇਜਿਆ ਜਾਂਦਾ ਹੈ। ਇੱਕ ਵਾਰ ਉਸ ਮੋਬਾਈਲ ਤੋਂ ਸ਼ਿਕਾਇਤ ਦਰਜ ਹੋਣ ’ਤੇ ਖਪਤਕਾਰ ਆਪਣੇ ਆਪ ਹੀ 1912 ਗਾਹਕ ਪ੍ਰਬੰਧਨ ਪ੍ਰਣਾਲੀ ਨਾਲ ਰਜਿਸਟਰ ਹੋ ਜਾਂਦਾ ਹੈ।

LEAVE A REPLY

Please enter your comment!
Please enter your name here