ਨਵੀਂ ਦਿੱਲੀ : ਵਿਰੋਧੀ ਧਿਰਾਂ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਦੇ ਅਮਲ ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਵੀ ਬਜ਼ਿੱਦ ਰਹੀਆਂ। ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਤੇ ਮੁੜ ਕੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਹੁਣ ਸੋਮਵਾਰ ਨੂੰ ਸਵੇਰੇ 11 ਵਜੇ ਮੁੜ ਜੁੜੇਗਾ।
ਬਿਹਾਰ ਦੇ ਵੋਟਰਾਂ ਦੀ ਡਰਾਫਟ ਸੂਚੀ ਜਾਰੀ
ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਵਿੱਚ ਇੱਕ ਮਹੀਨੇ ਤੱਕ ਚੱਲੀ ਵਿਸ਼ੇਸ਼ ਵਿਆਪਕ ਸੁਧਾਈ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਡਰਾਫਟ ਸੂਚੀ ਜਾਰੀ ਕਰ ਦਿੱਤੀ ਹੈ।ਇਕੱਠੀ ਸੂਚੀ ਉਪਲੱਬਧ ਨਹੀਂ ਕਰਵਾਈ ਗਈ, ਪਰ ਵੋਟਰ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਆਪਣੇ ਨਾਂਅ ਦੇਖ ਸਕਦੇ ਹਨ।ਡਰਾਫਟ ਸੂਚੀਆਂ ਦੇ ਪ੍ਰਕਾਸ਼ਤ ਹੋਣ ਦੇ ਨਾਲ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਅਤੇ ਇਹ ਪ੍ਰਕਿਰਿਆ 1 ਸਤੰਬਰ ਤੱਕ ਜਾਰੀ ਰਹੇਗੀ।
ਅਮਰਨਾਥ ਯਾਤਰਾ ਭਲਕ ਤੱਕ ਮੁਅੱਤਲ
ਸ੍ਰੀਨਗਰ : ਭਾਰੀ ਮੀਂਹ ਤੋਂ ਬਾਅਦ ਯਾਤਰਾ ਦੇ ਦੋਵਾਂ ਰਸਤਿਆਂ ’ਤੇ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕੀਤੇ ਜਾਣ ਕਾਰਨ ਅਮਰਨਾਥ ਯਾਤਰਾ ਨੂੰ 3 ਅਗਸਤ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਸਵੇਰੇ ਪਹਿਲਗਾਮ ਰੂਟ ਤੋਂ ਯਾਤਰਾ ਮੁਅੱਤਲ ਰਹੀ ਅਤੇ ਸ਼ਰਧਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਗੁਫਾ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਦਕਿ ਬਾਲਟਾਲ ਰੂਟ ਤੋਂ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ ਭਾਰੀ ਮੀਂਹ ਕਾਰਨ ਬਾਅਦ ਵਿੱਚ ਬਾਲਟਾਲ ਰੂਟ ਤੋਂ ਵੀ ਯਾਤਰਾ ਮੁਅੱਤਲ ਕਰ ਦਿੱਤੀ ਗਈ।
ਕੀਰਤਪੁਰ-ਮਨਾਲੀ ਰਾਹ ਬੰਦ
ਸ਼ਿਮਲਾ : ਮੰਡੀ ਜ਼ਿਲ੍ਹੇ ਦੇ ਪੰਡੋਹ ਖੇਤਰ ਵਿੱਚ ਕੈਂਚੀ ਮੋੜ ਨੇੜੇ ਮੰਡੀ-ਕੁੱਲੂ ਦਰਮਿਆਨ ਕੀਰਤਪੁਰ-ਮਨਾਲੀ ਕੌਮੀ ਸ਼ਾਹਰਾਹ ’ਤੇ ਸ਼ੁੱਕਰਵਾਰ ਜ਼ਮੀਨ ਦਾ ਇੱਕ ਵੱਡਾ ਹਿੱਸਾ ਖਿਸਕਣ ਕਾਰਨ ਸ਼ਾਹਰਾਹ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੋ ਗਿਆ।ਮੰਡੀ ਪੁਲਸ ਮੁਤਾਬਕ ਮੁਰੰਮਤ ਦਾ ਕੰਮ ਜਾਰੀ ਹੈ, ਪਰ ਨੁਕਸਾਨ ਜ਼ਿਆਦਾ ਹੋਣ ਕਰਕੇ ਕਾਫੀ ਸਮਾਂ ਲੱਗ ਸਕਦਾ ਹੈ।




