ਦੇਵਗੌੜਾ ਦਾ ਪੋਤਾ ਪ੍ਰਜਵਲ ਰੇਵੰਨਾ ਜਬਰ-ਜ਼ਨਾਹ ਦਾ ਦੋਸ਼ੀ ਕਰਾਰ

0
122

ਬੇਂਗਲੁਰੂ : ਸਾਬਕਾ ਸੰਸਦ ਮੈਂਬਰ ਅਤੇ ਜਨਤਾ ਦਲ (ਸੈਕੂਲਰ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਨੂੰ ਸ਼ੁੱਕਰਵਾਰ ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਜਿਨਸੀ ਸ਼ੋਸ਼ਣ ਅਤੇ ਜਬਰ-ਜ਼ਨਾਹ ਦੇ ਚਾਰ ਮਾਮਲਿਆਂ ਵਿੱਚੋਂ ਇੱਕ ਵਿੱਚ ਦੋਸ਼ੀ ਕਰਾਰ ਦਿੱਤਾ।ਵਿਸ਼ੇਸ਼ ਅਦਾਲਤ ਦੇ ਜੱਜ ਸੰਤੋਸ਼ ਗਜਾਨਨ ਭੱਟ ਸ਼ਨਿਚਰਵਾਰ ਨੂੰ ਸਜ਼ਾ ਦਾ ਐਲਾਨ ਕਰਨਗੇ।ਇਹ ਮਾਮਲਾ ਹਾਸਨ ਜ਼ਿਲ੍ਹੇ ਦੇ ਹੋਲੇਨਰਸੀਪੁਰਾ ਵਿੱਚ ਪਰਵਾਰ ਦੇ ਗੰਨੀਕਾਡਾ ਫਾਰਮ ਹਾਊਸ ਵਿੱਚ ਕੰਮ ਕਰਨ ਵਾਲੀ 48 ਸਾਲਾ ਔਰਤ ਨਾਲ ਸੰਬੰਧਤ ਹੈ। ਦੋਸ਼ ਹੈ ਕਿ ਉਸ ਨਾਲ 2021 ਵਿੱਚ ਦੋ ਵਾਰ ਜਬਰ-ਜ਼ਨਾਹ ਕੀਤਾ ਗਿਆ ਅਤੇ ਮੁਲਜ਼ਮ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਫੋਨ ’ਤੇ ਰਿਕਾਰਡ ਕਰ ਲਿਆ ਸੀ। ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਜਵਲ ਰੇਵੰਨਾ ਵਿਰੁੱਧ ਚਾਰ ਵੱਖ-ਵੱਖ ਮਾਮਲੇ ਦਰਜ ਕਰਕੇ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ।ਪ੍ਰਜਵਲ ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਮੁਖੀ ਐੱਚ ਡੀ ਦੇਵਗੌੜਾ ਦਾ ਪੋਤਰਾ ਹੈ। ਇਹ ਮਾਮਲੇ 26 ਅਪ੍ਰੈਲ 2024 ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਾਸਨ ਵਿੱਚ ਕਥਿਤ ਤੌਰ ’ਤੇ ਪ੍ਰਜਵਲ ਰੇਵੰਨਾ ਨਾਲ ਸੰਬੰਧਤ ਅਸ਼ਲੀਲ ਵੀਡੀਓਜ਼ ਵਾਲੀਆਂ ਪੈਨ-ਡਰਾਈਵਾਂ ਦੇ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਏ ਸਨ।
ਹੋਲੇਨਰਸੀਪੁਰਾ ਟਾਊਨ ਪੁਲਸ ਸਟੇਸ਼ਨ ਵਿੱਚ ਦਰਜ ਇੱਕ ਮਾਮਲੇ ਦੇ ਸੰਬੰਧ ਵਿੱਚ ਉਸ ਨੂੰ ਪਿਛਲੇ ਸਾਲ 31 ਮਈ ਨੂੰ ਜਰਮਨੀ ਤੋਂ ਬੇਂਗਲੁਰੂ ਹਵਾਈ ਅੱਡੇ ’ਤੇ ਪਹੁੰਚਣ ’ਤੇ ਐੱਸ ਆਈ ਟੀ ਨੇ ਗਿ੍ਰਫਤਾਰ ਕਰ ਲਿਆ ਸੀ। ਉਸ ਵਿਰੁੱਧ ਮਾਮਲੇ ਦਰਜ ਹੋਣ ਤੋਂ ਬਾਅਦ ਉਸ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਸੀ।