ਕੰਗਨਾ ਰਣੌਤ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਮਾਣਹਾਨੀ ਕੇਸ ਚੱਲਣ ਲਈ ਰਾਹ ਪੱਧਰਾ

0
100

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਮਾਣਹਾਨੀ ਮਾਮਲੇ ਨੂੰ ਚੁਣੌਤੀ ਦੇਣ ਵਾਲੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਪਟੀਸ਼ਨ ਖਾਰਜ ਹੋਣ ਨਾਲ ਕੰਗਨਾ ਰਣੌਤ ਵਿਰੁੱਧ ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਕੇਸ ਲਈ ਰਾਹ ਪੱਧਰਾ ਹੋ ਗਿਆ ਹੈ।ਜਦੋਂ ਕੇਂਦਰ ਸਰਕਾਰ ਵਿਰੁੱਧ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵੇਲੇ ਕੰਗਨਾ ਰਣੌਤ ਨੇ ਇੱਕ ਬਜ਼ੁਰਗ ਮਾਈ ’ਤੇ ਟਿੱਪਣੀ ਕਰਦਿਆਂ ਉਸ ਨੂੰ ਭਾੜੇ ਦੀ ਔਰਤ ਦੱਸਿਆ ਸੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਾਈ ਮਹਿੰਦਰ ਕੌਰ ਨੇ 5 ਜਨਵਰੀ 2021 ਨੂੰ ਬਠਿੰਡਾ ਦੀ ਅਦਾਲਤ ਵਿੱਚ ਧਾਰਾ 499,500 ਤਹਿਤ ਕੰਗਨਾ ਰਣੌਤ ਵਿਰੁੱਧ ਮਾਣਹਾਨੀ ਦੇ ਕੇਸ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਕੰਗਨਾ ਰਣੌਤ ਨੇ ਹਾਈਕੋਰਟ ਵਿੱਚ ਚੁਣੌਤੀ ਦੇ ਦਿੱਤੀ ਸੀ। ਹਾਈਕੋਰਟ ਨੇ ਬਠਿੰਡਾ ਅਦਾਲਤ ਵਿੱਚ ਚੱਲ ਰਿਹਾ ਇਹ ਕੇਸ ਸਟੇਅ ਕਰ ਦਿੱਤਾ ਸੀ।ਹੁਣ ਹਾਈਕੋਰਟ ਨੇ ਕੰਗਨਾ ਰਣੌਤ ਦੀ ਪਟੀਸ਼ਨ ਨੂੰ ਰੱਦ ਕਰਕੇ ਬਠਿੰਡਾ ਅਦਾਲਤ ਦੇ ਕੇਸ ਲਈ ਰਾਹ ਪੱਧਰਾ ਕਰ ਦਿੱਤਾ ਹੈ।ਇਸ ਮਾਮਲੇ ਦੀ ਅਗਲੀ ਸੁਣਵਾਈ ਬਠਿੰਡਾ ਅਦਾਲਤ ਦੀ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿੱਚ 11 ਅਗਸਤ ਨੂੰ ਹੋਵੇਗੀ।