ਜਦੋਂ ‘ਐਟਮ ਬੰਬ’ ਫਟਿਆ, ਚੋਣ ਕਮਿਸ਼ਨ ਨੂੰ ਲੁਕਣ ਲਈ ਥਾਂ ਨਹੀਂ ਲੱਭਣੀ : ਰਾਹੁਲ

0
120

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਸ਼ੁੱਕਰਵਾਰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਭਾਜਪਾ ਲਈ ‘ਵੋਟ ਚੋਰੀ’ ਵਿੱਚ ਸ਼ਾਮਲ ਹੈ ਤੇ ਉਨ੍ਹਾਂ ਦੀ ਪਾਰਟੀ ਕੋਲ ਇਸ ਬਾਰੇ ‘ਐਟਮ ਬੰਬ’ ਵਾਂਗ ਪੱਕੇ ਸਬੂਤ ਹਨ।ਰਾਹੁਲ ਨੇ ਕਿਹਾ ਕਿ ‘ਜਿਸ ਦਿਨ ਇਹ ਬੰਬ ਫਟਿਆ’ ਉਸ ਦਿਨ ਚੋਣ ਕਮਿਸ਼ਨ ਨੂੰ ਮੂੰਹ ਲੁਕਾਉਣ ਲਈ ਕੋਈ ਥਾਂ ਨਹੀਂ ਲੱਭਣੀ।ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਇੱਥੇ ਸੰਸਦੀ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਕਿਹਾ ਸੀ ਕਿ ‘ਵੋਟ ਚੋਰੀ’ ਹੋ ਰਹੀ ਹੈ ਤੇ ਹੁਣ ਸਾਡੇ ਕੋਲ ਇਸ ਬਾਰੇ ਪੱਕੇ ਸਬੂਤ ਹਨ ਕਿ ਚੋਣ ਕਮਿਸ਼ਨ ‘ਵੋੋਟ ਚੋਰੀ’ ਵਿੱਚ ਸ਼ਾਮਲ ਹੈ।ਮੈਂ ਇਹ ਮਜ਼ਾਕ ਵਿੱਚ ਨਹੀਂ ਕਹਿ ਰਿਹਾ। ਮੈਂ 100 ਫੀਸਦ ਸਬੂਤ ਨਾਲ ਇਹ ਗੱਲ ਕਹਿ ਰਿਹਾ ਹਾਂ। ਜਿਵੇਂ ਹੀ ਅਸੀਂ ਇਹ ਸਬੂਤ ਨਸ਼ਰ ਕੀਤੇ, ਪੂਰੇ ਦੇਸ਼ ਨੂੰ ਪਤਾ ਲੱਗ ਜਾਵੇਗਾ ਕਿ ਚੋਣ ਕਮਿਸ਼ਨ ‘ਵੋਟ ਚੋਰੀ’ ਵਿੱਚ ਸ਼ਾਮਲ ਹੈ। ਉਹ ਭਾਜਪਾ ਲਈ ਇਹ ਕਰ ਰਿਹਾ ਹੈ।’’
ਉਨ੍ਹਾ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਪਿਛਲੇ ਸਾਲ ਮੱਧ ਪ੍ਰਦੇਸ਼ ਅਸੈਂਬਲੀ ਚੋਣਾਂ ਵਿੱਚ ਚੋਣ ਬੇਨਿਯਮੀਆਂ ਦਾ ਸ਼ੱਕ ਹੋਇਆ ਸੀ, ਫਿਰ ਲੋਕ ਸਭਾ ਚੋਣਾਂ ਤੇ ਮਹਾਰਾਸ਼ਟਰ ਚੋਣਾਂ ਵਿੱਚ ਇਹ ਹੋਰ ਵਧ ਗਿਆ।ਉਨ੍ਹਾ ਕਿਹਾ, ‘‘ਸਾਡਾ ਮੰਨਣਾ ਹੈ ਕਿ ਵੋਟ ਚੋਰੀ ਸੂਬਾਈ ਪੱਧਰ ’ਤੇ (ਮਹਾਰਾਸ਼ਟਰ ਵਿੱਚ) ਹੋਈ ਹੈ। ਵੋਟਰਾਂ ਦੀ ਸੋਧ ਹੋਈ ਸੀ ਅਤੇ ਕਰੋੜਾਂ ਵੋਟਰ ਸ਼ਾਮਲ ਕੀਤੇ ਗਏ ਸਨ। ਚੋਣ ਕਮਿਸ਼ਨ ਨੇ ਕੋਈ ਹੱਥ-ਪੱਲਾ ਨਹੀਂ ਫੜਾਇਆ ਤਾਂ ਅਸੀਂ ਆਪਣੇ ਪੱਧਰ ’ਤੇ ਜਾਂਚ ਕੀਤੀ ਤੇ ਇਸ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਦਾ ਫੈਸਲਾ ਕੀਤਾ। ਅਸੀਂ ਆਪਣੀ ਜਾਂਚ ਖੁਦ ਕਰਵਾਈ, ਇਸ ਵਿੱਚ ਛੇ ਮਹੀਨੇ ਲੱਗੇ ਅਤੇ ਜੋ ਸਾਨੂੰ ਮਿਲਿਆ ਹੈ ਉਹ ਇੱਕ ਐਟਮ ਬੰਬ ਹੈ। ਜਦੋਂ ਇਹ ਫਟਿਆ ਤਾਂ ਚੋਣ ਕਮਿਸ਼ਨ ਕੋਲ ਦੇਸ਼ ਵਿੱਚ ਸਿਰ ਲੁਕਾਉਣ ਲਈ ਕੋਈ ਥਾਂ ਨਹੀਂ ਹੋਵੇਗੀ।’’ ਕਾਂਗਰਸ ਆਗੂ ਨੇ ਚੇਤਾਵਨੀ ਦਿੱਤੀ ਕਿ ਚੋਣ ਕਮਿਸ਼ਨ ਦੇ ਉਪਰ ਤੋਂ ਲੈ ਕੇ ਹੇਠਾਂ ਤੱਕ ਜਿਹੜੇ ਵੀ ਲੋਕ ਇਸ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਕਿਉਕਿ ਉਹ ਭਾਰਤ ਵਿਰੁੱਧ ਕੰਮ ਕਰ ਰਹੇ ਹਨ।ਉਨ੍ਹਾ ਕਿਹਾ, ‘‘ਇਹ ਦੇਸ਼ਧ੍ਰੋਹ ਹੈ, ਇਸ ਤੋਂ ਘੱਟ ਕੁਝ ਨਹੀਂ। ਤੁਸੀਂ ਸੇਵਾਮੁਕਤ ਹੋ ਸਕਦੇ ਹੋ, ਤੁਸੀਂ ਕਿਤੇ ਵੀ ਹੋ ਸਕਦੇ ਹੋ, ਅਸੀਂ ਤੁਹਾਨੂੰ ਲੱਭ ਲਵਾਂਗੇ।