ਵਾਸ਼ਿੰਗਟਨ : ਅਮਰੀਕਾ ਨੇ ਦੁਨੀਆ-ਭਰ ਦੇ ਦੇਸ਼ਾਂ ਤੋਂ ਆਉਣ ਵਾਲੇ ਮਾਲ ’ਤੇ ਲਗਾਏ ਜਾ ਰਹੇ ਟੈਕਸਾਂ ਦੀ ਇੱਕ ਵਿਸਤਿ੍ਰਤ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤ ’ਤੇ 25 ਫੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ।ਖਾਸ ਗੱਲ ਇਹ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਅਤੇ ਸ੍ਰੀਲੰਕਾ ਦੇ ਮੁਕਾਬਲੇ ਭਾਰਤ ’ਤੇ ਜ਼ਿਆਦਾ ਟੈਕਸ ਲਗਾਇਆ ਗਿਆ ਹੈ। ਆਪਸੀ ਟੈਕਸ ਦਰਾਂ ਵਿੱਚ ਹੋਰ ਸੋਧ ਸਿਰਲੇਖ ਵਾਲੇ ਇੱਕ ਸਰਕਾਰੀ ਹੁਕਮ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ-ਭਰ ਦੇ ਲੱਗਭੱਗ 70 ਦੇਸ਼ਾਂ ਲਈ ਟੈਕਸ ਦਰਾਂ ਦਾ ਐਲਾਨ ਕੀਤਾ।ਟੈਕਸ ਲਾਗੂ ਕਰਨ ਦੀ ਆਖਰੀ ਮਿਤੀ 1 ਅਗਸਤ ਸੀ, ਪਰ ਨਵੀਆਂ ਟੈਕਸ ਦਰਾਂ 7 ਅਗਸਤ ਤੋਂ ਲਾਗੂ ਹੋਣਗੀਆਂ।ਟਰੰਪ ਨੇ ਇੱਕ ਸਰਕਾਰੀ ਹੁਕਮ ਵਿੱਚ ਕਿਹਾ ਕਿ ਕੁਝ ਵਪਾਰਕ ਭਾਈਵਾਲ ਅਮਰੀਕਾ ਨਾਲ ਸਾਰਥਕ ਵਪਾਰ ਅਤੇ ਸੁਰੱਖਿਆ ਪ੍ਰਤੀਬੱਧਤਾਵਾਂ ’ਤੇ ਸਹਿਮਤ ਹੋ ਗਏ ਹਨ ਜਾਂ ਸਹਿਮਤ ਹੋਣ ਦੇ ਨੇੜੇ ਹਨ, ਜੋ ਵਪਾਰਕ ਰੁਕਾਵਟਾਂ ਨੂੰ ਸਥਾਈ ਤੌਰ ’ਤੇ ਦੂਰ ਕਰਨ ਅਤੇ ਆਰਥਕ ਤੇ ਕੌਮੀ ਸੁਰੱਖਿਆ ਮਾਮਲਿਆਂ ’ਤੇ ਅਮਰੀਕਾ ਨਾਲ ਤਾਲਮੇਲ ਬਿਠਾਉਣ ਦੇ ਉਨ੍ਹਾਂ ਦੇ ਇਮਾਨਦਾਰ ਇਰਾਦੇ ਨੂੰ ਦਰਸਾਉਦਾ ਹੈ।
ਉਨ੍ਹਾ ਕਿਹਾ, ‘‘ਹੋਰ ਵਪਾਰਕ ਭਾਈਵਾਲਾਂ ਨੇ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਅਜਿਹੀਆਂ ਸ਼ਰਤਾਂ ਪੇਸ਼ ਕੀਤੀਆਂ ਹਨ, ਜੋ ਮੇਰੇ ਵਿਚਾਰ ਵਿੱਚ ਸਾਡੇ ਵਪਾਰਕ ਸੰਬੰਧਾਂ ਵਿੱਚ ਅਸੰਤੁਲਨ ਨੂੰ ਢੁਕਵੇਂ ਰੂਪ ਵਿੱਚ ਹੱਲ ਨਹੀਂ ਕਰਦੀਆਂ ਜਾਂ ਆਰਥਿਕ ਤੇ ਕੌਮੀ ਸੁਰੱਖਿਆ ਦੇ ਮਾਮਲਿਆਂ ਵਿੱਚ ਅਮਰੀਕਾ ਨਾਲ ਤਾਲਮੇਲ ਕਰਨ ਵਿੱਚ ਅਸਫਲ ਰਹੀਆਂ ਹਨ।’’
ਅਮਰੀਕਾ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਟੈਕਸ ਦੀ ਦਰ 10 ਫੀਸਦੀ ਤੋਂ ਲੈ ਕੇ 40 ਫੀਸਦੀ ਤੱਕ ਹੈ, ਜਿਸ ਵਿੱਚ ਜਾਪਾਨ ’ਤੇ 15 ਫੀਸਦੀ, ਲਾਓਸ ਅਤੇ ਮਿਆਂਮਾਰ ’ਤੇ 40 ਫੀਸਦੀ, ਪਾਕਿਸਤਾਨ ’ਤੇ 19 ਫੀਸਦੀ, ਸ੍ਰੀਲੰਕਾ ’ਤੇ 20 ਫੀਸਦੀ ਅਤੇ ਬਿ੍ਰਟੇਨ ’ਤੇ 10 ਫੀਸਦੀ ਟੈਕਸ ਲਗਾਇਆ ਗਿਆ ਹੈ।ਅਮਰੀਕਾ ਵੱਲੋਂ ਪਾਕਿਸਤਾਨ ’ਤੇ ਪਹਿਲਾਂ 29 ਫੀਸਦੀ ਟੈਕਸ ਲਾਇਆ ਗਿਆ ਸੀ, ਪਰ ਬਾਅਦ ਵਿੱਚ ਇਸ ਨੂੰ ਘਟਾ ਕੇ 19 ਫੀਸਦੀ ਕਰ ਦਿੱਤਾ ਗਿਆ ਹੈ।





