ਜਬਰ-ਜ਼ਨਾਹ ਤੋਂ ਬਚਣ ਲਈ ਘਰ ’ਚ ਹੀ ਰਹਿਣ ਦਾ ਮਸ਼ਵਰਾ

0
76

ਅਹਿਮਦਾਬਾਦ : ਸਥਾਨਕ ਟਰੈਫਿਕ ਪੁਲਸ ਵੱਲੋਂ ਇੱਕ ਸੁਰੱਖਿਆ ਮੁਹਿੰਮ ਲਈ ਸਪਾਂਸਰ ਕੀਤੇ ਗਏ ਪੋਸਟਰਾਂ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਕੁਝ ਪੋਸਟਰਾਂ ਵਿੱਚ ਔਰਤਾਂ ਨੂੰ ਜਬਰ-ਜ਼ਨਾਹ ਤੋਂ ਬਚਣ ਲਈ ਘਰ ’ਚ ਹੀ ਰਹਿਣ ਦੀ ਅਪੀਲ ਕੀਤੀ ਗਈ ਸੀ। ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਚਿਪਕਾਏ ਗਏ ਇਨ੍ਹਾਂ ਪੋਸਟਰਾਂ ਦੀ ਵਿਰੋਧੀ ਧਿਰ ਨੇ ਆਲੋਚਨਾ ਕੀਤੀ ਹੈ ਅਤੇ ਗੁਜਰਾਤ ਵਿੱਚ ਔਰਤਾਂ ਦੀ ਸੁਰੱਖਿਆ ’ਤੇ ਸਵਾਲ ਚੁੱਕੇ ਹਨ।
‘ਦੇਰ ਰਾਤ ਦੀਆਂ ਪਾਰਟੀਆਂ ਵਿੱਚ ਸ਼ਾਮਲ ਨਾ ਹੋਵੋ, ਤੁਹਾਡੇ ਨਾਲ ਜਬਰ-ਜ਼ਨਾਹ ਜਾਂ ਸਮੂਹਕ ਜਬਰ-ਜ਼ਨਾਹ ਹੋ ਸਕਦਾ ਹੈ’ ਅਤੇ ‘ਆਪਣੀ ਸਹੇਲੀ ਨਾਲ ਹਨੇਰੇ, ਸੁੰਨਸਾਨ ਇਲਾਕਿਆਂ ਵਿੱਚ ਨਾ ਜਾਓ, ਕੀ ਪਤਾ ਉਸ ਨਾਲ ਜਬਰ-ਜ਼ਨਾਹ ਜਾਂ ਸਮੂਹਕ ਜਬਰ-ਜ਼ਨਾਹ ਹੋ ਜਾਵੇ? ’ ਗੁਜਰਾਤੀ ਭਾਸ਼ਾ ਵਿੱਚ ਲਿਖੇ ਅਜਿਹੇ ਬਿਆਨਾਂ ਵਾਲੇ ਪੋਸਟਰ ਸੋਲਾ ਅਤੇ ਚਾਂਦਲੋਡੀਆ ਇਲਾਕਿਆਂ ਵਿੱਚ ਸੜਕ ਦੇ ਡਿਵਾਈਡਰਾਂ ’ਤੇ ਚਿਪਕਾਏ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਆਫ ਪੁਲਸ (ਟਰੈਫਿਕ ਵੈੱਸਟ) ਨੀਤਾ ਦੇਸਾਈ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਟਰੈਫਿਕ ਪੁਲਸ ਨੇ ਸੜਕ ਸੁਰੱਖਿਆ ਸੰਬੰਧੀ ਪੋਸਟਰਾਂ ਨੂੰ ਸਪਾਂਸਰ ਕੀਤਾ ਸੀ, ਨਾ ਕਿ ਔਰਤਾਂ ਦੀ ਸੁਰੱਖਿਆ ਨਾਲ ਸੰਬੰਧਤ ਪੋਸਟਰਾਂ ਨੂੰ। ਉਨ੍ਹਾ ਦਾਅਵਾ ਕੀਤਾ ਕਿ ਇੱਕ ਗੈਰ-ਸਰਕਾਰੀ ਸੰਗਠਨ (ਐੱਨ ਜੀ ਓ) ‘ਸਤਰਕਤਾ ਗਰੁੱਪ’ ਨੇ ਟਰੈਫਿਕ ਪੁਲਸ ਦੀ ਸਹਿਮਤੀ ਤੋਂ ਬਿਨਾਂ ਇਹ ਵਿਵਾਦਪੂਰਨ ਪੋਸਟਰ ਬਣਾਏ ਸਨ। ਦੇਸਾਈ ਨੇ ਕਿਹਾ, ‘ਐੱਨ ਜੀ ਓ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਸਕੂਲਾਂ ਅਤੇ ਕਾਲਜਾਂ ਵਿੱਚ ਟਰੈਫਿਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨਾ ਚਾਹੁੰਦੇ ਹਨ ਅਤੇ ਉਹ ਚਾਹੁੰਦੇ ਸਨ ਕਿ ਸਾਡਾ ਸਟਾਫ ਉਨ੍ਹਾਂ ਦੇ ਨਾਲ ਜਾਵੇ। ਸਾਨੂੰ ਟਰੈਫਿਕ ਜਾਗਰੂਕਤਾ ਨਾਲ ਸੰਬੰਧਤ ਪੋਸਟਰ ਦਿਖਾਏ ਗਏ ਸਨ, ਪਰ ਅਜਿਹੇ ਵਿਵਾਦਪੂਰਨ ਪੋਸਟਰ ਸਾਨੂੰ ਨਹੀਂ ਦਿਖਾਏ ਗਏ ਅਤੇ ਸਾਡੀ ਸਹਿਮਤੀ ਤੋਂ ਬਿਨਾਂ ਚਿਪਕਾਏ ਗਏ।’ ਉਨ੍ਹਾ ਕਿਹਾ ਕਿ ਜਦੋਂ ਇਹ ਮਾਮਲਾ ਉਨ੍ਹਾ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪੋਸਟਰਾਂ ਨੂੰ ਤੁਰੰਤ ਹਟਾ ਦਿੱਤਾ ਗਿਆ। ਗੁਜਰਾਤ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਇਨ੍ਹਾਂ ਪੋਸਟਰਾਂ ਨੇ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਪਰਦਾ ਫਾਸ਼ ਕਰ ਦਿੱਤਾ ਹੈ। ਗੁਜਰਾਤ ਵਿੱਚ ਭਾਜਪਾ ਸਰਕਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੀ ਹੈ, ਪਰ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ।