ਦੇਹਰਾਦੂਨ : ਉੱਤਰਾਖੰਡ ਵਿੱਚ ਪੰਚਾਇਤ ਚੋਣਾਂ ਦੇ ਸ਼ੁੱਕਰਵਾਰ ਸ਼ਾਮ ਐਲਾਨੇ ਗਏ ਨਤੀਜਿਆਂ ਤੋਂ ਬਾਅਦ ਹੁਕਮਰਾਨ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਨੇ ਜਿੱਤ ਦੇ ਦਾਅਵੇ ਕੀਤੇ ਹਨ। ਭਾਜਪਾ ਨੇ ਕਿਹਾ ਹੈ ਕਿ ਉਸ ਦੇ 315 ਵਿੱਚੋਂ 127 ਉਮੀਦਵਾਰ ਸਫਲ ਰਹੇ, ਜਦਕਿ ਕਾਂਗਰਸ ਦਾ ਕਹਿਣਾ ਹੈ ਕਿ ਉਸ ਨੇ 198 ਵਿੱਚੋਂ 138 ਉਮੀਦਵਾਰ ਸਫਲ ਰਹੇ। ਹਰਿਦੁਆਰ ਨੂੰ ਛੱਡ ਕੇ 12 ਜ਼ਿਲ੍ਹਿਆਂ ਵਿੱਚ 358 ਜ਼ਿਲ੍ਹਾ ਪੰਚਾਇਤ ਮੈਂਬਰਾਂ, 2974 ਬਲਾਕ ਵਿਕਾਸ ਪ੍ਰੀਸ਼ਦ ਮੈਂਬਰਾਂ ਅਤੇ 7499 ਪੰਚਾਇਤ ਮੁਖੀਆਂ ਦੀ ਚੋਣ ਹੋਈ ਸੀ। ਭਾਜਪਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਦੇ 58 ਬਾਗੀ ਉਮੀਦਵਾਰ ਵੀ ਜਿੱਤੇ ਹਨ, ਜਿਹੜੇ ਪਾਰਟੀ ਟਿਕਟ ਨਾ ਮਿਲਣ ਕਰਕੇ ਆਜ਼ਾਦ ਲੜੇ ਸਨ। ਪਰ ਸੂਬਾਈ ਭਾਜਪਾ ਪ੍ਰਧਾਨ ਮਹਿੰਦਰ ਭੱਟ ਦੇ ਜ਼ਿਲ੍ਹੇ ਚਮੋਲੀ ਵਿੱਚ ਪਾਰਟੀ ਦੇ ਪ੍ਰਦਰਸ਼ਨ ਨੇ ਹੈਰਾਨ ਕੀਤਾ ਹੈ, ਜਿੱਥੇ ਉਸ ਦੇ 26 ਵਿੱਚੋਂ ਚਾਰ ਉਮੀਦਵਾਰ ਹੀ ਜਿੱਤ ਸਕੇ। ਚਮੋਲੀ ਦਾ ਭਾਜਪਾ ਪ੍ਰਧਾਨ ਗਜਪਾਲ ਬਰਥਵਾਲ ਵੀ ਹਾਰਨ ਵਾਲਿਆਂ ਵਿੱਚ ਸ਼ਾਮਲ ਹੈ। ਨੈਨੀਤਾਲ ਦੀ ਵਿਧਾਇਕ ਸਰਿਤਾ ਆਰੀਆ ਦਾ ਬੇਟਾ ਰੋਹਿਤ ਆਰੀਆ ਭੋਵਾਲੀ ਗਾਓਂ ਜ਼ਿਲ੍ਹਾ ਪੰਚਾਇਤ ਸੀਟ ਤੋਂ ਆਜ਼ਾਦ ਉਮੀਦਵਾਰ ਹੱਥੋਂ ਹਾਰ ਗਿਆ। ਲਾਂਸਡੋਵਨੇ ਦੇ ਵਿਧਾਇਕ ਦਲੀਪ ਰਾਵਤ ਦੀ ਪਤਨੀ ਨੀਤੂ ਰਾਵਤ ਵੀ ਜ਼ਿਲ੍ਹਾ ਪੰਚਾਇਤ ਚੋਣ ਹਾਰ ਗਈ। ਭਾਜਪਾ ਵਿਧਾਇਕ ਮਹੇਸ਼ ਜੀਨਾ ਦਾ ਬੇਟਾ ਕਰਨ ਜੀਨਾ ਬੁਬਲਿਆ ਏਰੀਆ ਪੰਚਾਇਤ ਸੀਟ ਹਾਰ ਗਿਆ। ਮਹੇਸ਼ ਅਲਮੋੜਾ ਦੇ ਸਾਲਟ ਤੋਂ ਵਿਧਾਇਕ ਹੈ।
ਮਹਿੰਦਰ ਭੱਟ ਦਾ ਦਾਅਵਾ ਹੈ ਕਿ ਪਾਰਟੀ ਨੇ 216 ਸੀਟਾਂ ਜਿੱਤੀਆਂ ਹਨ ਤੇ ਬਹੁਮਤ ਬੋਰਡਾਂ ’ਤੇ ਕਾਬਜ਼ ਹੋਵੇਗੀ। ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸੂਰੀਆਕਾਂਤ ਧਸਮਾਨਾ ਨੇ ਕਿਹਾ ਕਿ ਪਾਰਟੀ ਨੇ ਨਾ ਸਿਰਫ ਪਿੰਡਾਂ ਵਿੱਚ ਹੀ, ਸ਼ਹਿਰਾਂ ਵਿੱਚ ਵੀ ਕਾਫੀ ਖੱਟਿਆ ਹੈ। ਦੇਹਰਾਦੂਨ ਦੀਆਂ 30 ਵਿੱਚੋਂ 12 ਸੀਟਾਂ ਕਾਂਗਰਸ ਨੇ ਜਿੱਤੀਆਂ ਤੇ ਚਾਰ ਹੋਰ ਜੇਤੂ ਕਾਂਗਰਸੀ ਪਿਛੋਕੜ ਵਾਲੇ ਹਨ। ਭਾਜਪਾ ਨੇ 7 ਸੀਟਾਂ ਜਿੱਤੀਆਂ ਹਨ। ਧਸਮਾਨਾ ਨੇ ਕਿਹਾ ਕਿ ਕਾਂਗਰਸ ਨੇ ਗੜ੍ਹਵਾਲ ਤੇ ਕੁਮਾਊਂ ਦੋਹਾਂ ਖੇਤਰਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਕਾਂਗਰਸ 12 ਜ਼ਿਲ੍ਹਿਆਂ ਵਿੱਚੋਂ 8 ਤੋਂ 10 ਜ਼ਿਲ੍ਹਾ ਪੰਚਾਇਤ ਬੋਰਡਾਂ ’ਤੇ ਕਾਬਜ਼ ਹੋਵੇਗੀ।
ਕਾਂਗਰਸ ਦੇ ਤਰਜਮਾਨ ਸ਼ੀਸ਼ਪਾਲ ਬਿਸ਼ਟ ਨੇ ਕਿਹਾ ਕਿ ਪਾਰਟੀ 2027 ਦੀਆਂ ਅਸੈਂਬਲੀ ਚੋਣਾਂ ਵਿੱਚ ਜਿੱਤ ਬਾਰੇ ਆਸਵੰਦ ਹੈ। 2019 ਵਿੱਚ ਜਿਹੜੀ ਹਾਲਤ ਕਾਂਗਰਸ ਦੀ ਹੋਈ ਸੀ, ਉਹੀ ਹੁਣ ਭਾਜਪਾ ਦੀ ਹੈ।




