ਦੇਵਗੌੜਾ ਦੇ ਪੋਤੇ ਨੂੰ ਜਬਰ-ਜ਼ਨਾਹ ਦੇ ਮਾਮਲੇ ’ਚ ਉਮਰ ਕੈਦ

0
87

ਬੇਂਗਲੁਰੂ : ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਸੰਸਦ ਮੈਂਬਰ ਅਤੇ ਜਨਤਾ ਦਲ (ਸੈਕੂਲਰ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਨੂੰ ਜਬਰ-ਜ਼ਨਾਹ ਮਾਮਲੇ ਵਿੱਚ ਸਨਿੱਚਰਵਾਰ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਇਸ ਦੇ ਨਾਲ ਹੀ ਦਸ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ। ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਵਿਸ਼ੇਸ਼ ਅਦਾਲਤ ਦੇ ਜੱਜ ਸੰਤੋਸ਼ ਗਜਾਨਨ ਨੇ 34 ਸਾਲਾ ਪ੍ਰਜਵਲ ਰੇਵੰਨਾ ਨੂੰ ਉਸ ਖਿਲਾਫ ਦਰਜ ਜਿਨਸੀ ਸ਼ੋਸ਼ਣ ਅਤੇ ਜਬਰ-ਜ਼ਨਾਹ ਦੇ ਚਾਰ ਮਾਮਲਿਆਂ ਵਿੱਚੋਂ ਇੱਕ ਵਿੱਚ ਸ਼ੁੱਕਰਵਾਰ ਦੋਸ਼ੀ ਕਰਾਰ ਦਿੱਤਾ ਸੀ। ਇਹ ਮਾਮਲਾ ਹਾਸਨ ਜ਼ਿਲ੍ਹੇ ਦੇ ਹੋਲੇਨਰਸੀਪੁਰਾ ਵਿੱਚ ਪਰਵਾਰ ਦੇ ਗੰਨੀਕਾਡਾ ਫਾਰਮ ਹਾਊਸ ਵਿੱਚ ਕੰਮ ਕਰਨ ਵਾਲੀ 48 ਸਾਲਾ ਔਰਤ ਨਾਲ ਸੰਬੰਧਤ ਹੈ। ਦੋਸ਼ ਹੈ ਕਿ ਉਸ ਨਾਲ 2021 ਵਿੱਚ ਦੋ ਵਾਰ ਜਬਰ-ਜ਼ਨਾਹ ਕੀਤਾ ਗਿਆ ਅਤੇ ਮੁਲਜ਼ਮ ਨੇ ਇਸ ਘਟਨਾ ਨੂੰ ਆਪਣੇ ਮੋਬਾਇਲ ਫੋਨ ’ਤੇ ਰਿਕਾਰਡ ਕਰ ਲਿਆ ਸੀ। ਪ੍ਰਜਵਲ ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਮੁਖੀ ਐੱਚ ਡੀ ਦੇਵਗੌੜਾ ਦਾ ਪੋਤਰਾ ਹੈ। ਇਹ ਮਾਮਲੇ 26 ਅਪ੍ਰੈਲ 2024 ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਾਸਨ ਵਿੱਚ ਕਥਿਤ ਤੌਰ ’ਤੇ ਪ੍ਰਜਵਲ ਰੇਵੰਨਾ ਨਾਲ ਸੰਬੰਧਤ ਅਸ਼ਲੀਲ ਵੀਡੀਓਜ਼ ਵਾਲੀਆਂ ਪੈਨ ਡਰਾਈਵਾਂ ਦੇ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਏ ਸਨ।