ਅਮਰੀਕਾ ਤੋਂ 45 ਲੱਖ ਬੈਰਲ ਕੱਚਾ ਤੇਲ ਲੈਣ ਦਾ ਸੌਦਾ

0
100

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਤੇਲ ਸੋਧਕ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ ਓ ਸੀ) ਨੇ ਇੱਕ ਟੈਂਡਰ ਰਾਹੀਂ ਅਮਰੀਕਾ, ਕੈਨੇਡਾ ਤੇ ਮੱਧ-ਪੂਰਬ ਤੋਂ 70 ਲੱਖ ਬੈਰਲ ਕੱਚਾ ਤੇਲ ਖਰੀਦਿਆ ਹੈ, ਜਿਹੜਾ ਸਤੰਬਰ ਵਿੱਚ ਪਹੁੰਚੇਗਾ। ਖਬਰ ਏਜੰਸੀ ‘ਰਾਇਟਰਜ਼’ ਦੇ ਵਸੀਲਿਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਆਈ ਓ ਸੀ ਨੇ ਅਮਰੀਕਾ ਤੋਂ 45 ਲੱੱਖ ਬੈਰਲ, ਕੈਨੇਡਾ ਦੀ ਵੈਸਟਰਨ ਕੈਨੇਡੀਅਨ ਸਿਲੈਕਟ ਤੋਂ ਪੰਜ ਲੱਖ ਬੈਰਲ ਤੇ ਆਬੂਧਾਬੀ ਦੀ ਦਾਸ ਆਇਲ ਤੋਂ 20 ਲੱਖ ਬੈਰਲ ਦਾ ਸੌਦਾ ਕੀਤਾ ਹੈ। ਇਹ ਸੌਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੂਸ ਤੋਂ ਤੇਲ ਖਰੀਦਣ ’ਤੇ ਜੁਰਮਾਨਾ ਲਾਉਣ ਦੀ ਧਮਕੀ ਦਾ ਨਤੀਜਾ ਸਮਝੇ ਜਾ ਰਹੇ ਹਨ। ਰੂਸ ਤੋਂ ਭਾਰਤ ਨੂੰ ਡਿਸਕਾਊਂਟ ’ਤੇ ਤੇਲ ਮਿਲ ਰਿਹਾ ਸੀ। ਇਸੇ ਦੌਰਾਨ ਵ੍ਹਾਈਟ ਹਾਊਸ ਵਿਚ ਡਿਪਟੀ ਚੀਫ ਆਫ ਸਟਾਫ ਸਟੀਫਨ ਮਿੱਲਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣਾ ਅਮਰੀਕਾ ਨੂੰ ਸਵੀਕਾਰ ਨਹੀਂ ਹੈ। ਉਸ ਨੇ ਦੋਸ਼ ਲਗਾਇਆ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦੇ ਜਾਣ ਕਰਕੇ ਰੂਸ ਨੂੰ ਯੂਕਰੇਨ ਖਿਲਾਫ ਜੰਗ ਵਿਚ ਵਿੱਤੀ ਮਦਦ ਮਿਲੀ।
ਮਿੱਲਰ ਨੇ ਫਾਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ, ‘ਇਹ ਸਵੀਕਾਰਯੋਗ ਨਹੀਂ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਰੂਸ-ਯੂਕਰੇਨ ਜੰਗ ਵਿਚ ਵਿੱਤੀ ਮਦਦ ਪ੍ਰਦਾਨ ਕਰੇ। ਲੋਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਭਾਰਤ ਮੂਲ ਰੂਪ ਵਿੱਚ ਰੂਸੀ ਤੇਲ ਖਰੀਦਣ ਵਿੱਚ ਚੀਨ ਨਾਲ ਜੁੜਿਆ ਹੋਇਆ ਹੈ। ਇਹ ਇੱਕ ਹੈਰਾਨੀਜਨਕ ਤੱਥ ਹੈ।’
ਮਿੱਲਰ ਨੇ ਕਿਹਾ, ‘ਰਾਸ਼ਟਰਪਤੀ ਟਰੰਪ ਦੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਮੇਸ਼ਾ ਹੀ ਬਹੁਤ ਵਧੀਆ ਸੰਬੰਧ ਰਹੇ ਹਨ, ਪਰ ਸਾਨੂੰ ਇਸ ਜੰਗ ਦੇ ਵਿੱਤ ਨਾਲ ਨਜਿੱਠਣ ਬਾਰੇ ਅਸਲੀਅਤ ਜਾਣਨੀ ਪਵੇਗੀ। ਲਿਹਾਜ਼ਾ ਰਾਸ਼ਟਰਪਤੀ ਟਰੰਪ ਲਈ ਯੂਕਰੇਨ ਵਿੱਚ ਚੱਲ ਰਹੀ ਜੰਗ ਨਾਲ ਕੂਟਨੀਤਕ, ਵਿੱਤੀ ਅਤੇ ਹੋਰ ਤਰੀਕਿਆਂ ਨਾਲ ਨਜਿੱਠਣ ਲਈ ਸਾਰੇ ਬਦਲ ਵਿਚਾਰਧੀਨ ਹਨ।’ ਉਸ ਨੇ ਕਿਹਾ, ‘ਭਾਰਤ ਸਾਡੇ ਉਤਪਾਦਾਂ ਨੂੰ ਸਵੀਕਾਰ ਨਹੀਂ ਕਰਦਾ, ਉਹ ਸਾਡੇ ’ਤੇ ਭਾਰੀ ਟੈਰਿਫ ਲਗਾਉਂਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਇਮੀਗ੍ਰੇਸ਼ਨ ਨੀਤੀਆਂ ’ਤੇ ਬਹੁਤ ਧੋਖਾਧੜੀ ਕਰਦਾ ਹੈ। ਇਹ ਅਮਰੀਕੀ ਕਾਮਿਆਂ ਲਈ ਬਹੁਤ ਨੁਕਸਾਨਦੇਹ ਹੈ।’