ਨਵੀਂ ਦਿੱਲੀ : ਝਾਰਖੰਡ ਮੁਕਤੀ ਮੋਰਚਾ ਦੇ ਸੁਪਰੀਮੋ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ (81) ਦਾ ਸੋਮਵਾਰ ਦੇਹਾਂਤ ਹੋ ਗਿਆ। ਗੁਰਦੇ ਨਾਲ ਸੰਬੰਧਤ ਸਮੱਸਿਆ ਕਾਰਨ ਉਹ ਸਰ ਗੰਗਾਰਾਮ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾ ਦੇ ਬੇਟੇ ਤੇ ਸੂਬੇ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇੱਕ ਪੋਸਟ ਵਿਚ ਕਿਹਾ, ‘ਸਤਿਕਾਰਯੋਗ ਦਿਸ਼ੋਮ ਗੁਰੂ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਹਨ… ਮੈਂ ਅੱਜ ‘ਸ਼ੂਨਿਆ’ (ਜ਼ੀਰੋ) ਹੋ ਗਿਆ ਹਾਂ।’
ਸ਼ਿਬੂ ਸੋਰੇਨ ਦਾ ਜਨਮ 11 ਜਨਵਰੀ, 1944 ਨੂੰ ਨੇਮਰਾ ਪਿੰਡ (ਹੁਣ ਝਾਰਖੰਡ ਵਿੱਚ) ਵਿੱਚ ਹੋਇਆ। ਸ਼ਿਬੂ ਸੋਰੇਨ, ਜਿਨ੍ਹਾ ਆਦਿਵਾਸੀਆਂ ਵਿੱਚ ਦਿਸ਼ੋਮ ਗੁਰੂ (ਦੇਸ਼ ਦੇ ਗੁਰੂ) ਦੀ ਛਵੀ ਸੀ, ਨੇ ਆਪਣੇ ਪਿਤਾ ਸੋਬਰਨ ਮਾਂਝੀ ਦੀ ਸ਼ਾਹੂਕਾਰਾਂ ਦੁਆਰਾ ਹੱਤਿਆ ਤੋਂ ਬਾਅਦ 13-14 ਸਾਲ ਦੀ ਉਮਰ ਵਿੱਚ ਸ਼ਾਹੂਕਾਰਾਂ ਵਿਰੁੱਧ ਆਦਿਵਾਸੀਆਂ, ਦਲਿਤਾਂ ਅਤੇ ਪੱਛੜੇ ਲੋਕਾਂ ਦੇ ਹੱਕਾਂ ਲਈ ਲੜਾਈ ਸ਼ੁਰੂ ਕਰ ਦਿੱਤੀ ਸੀ। ਉਨ੍ਹਾ ਜਲ, ਜੰਗਲ ਅਤੇ ਜ਼ਮੀਨ ਦੇ ਹੱਕ ਅਤੇ ਵੱਖਰੇ ਝਾਰਖੰਡ ਰਾਜ ਲਈ 40 ਸਾਲ ਸੰਘਰਸ਼ ਕੀਤਾ।
ਉਨ੍ਹਾ 1972 ਵਿੱਚ ਝਾਰਖੰਡ ਮੁਕਤੀ ਮੋਰਚਾ (ਜੇ ਅੱੈਮ ਐੱਮ) ਦੀ ਸਥਾਪਨਾ ਕੀਤੀ ਅਤੇ ਸੰਥਾਲ ਕਬਾਇਲੀ ਭਾਈਚਾਰੇ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕਰਦੇ ਹੋਏ ਇੱਕ ਵੱਖਰੇ ਝਾਰਖੰਡ ਰਾਜ ਲਈ ਦਹਾਕਿਆਂ ਤੱਕ ਚੱਲੇ ਅੰਦੋਲਨ ਦੀ ਅਗਵਾਈ ਕੀਤੀ।
ਸ਼ਿਬੂ ਸੋਰੇਨ ਦਾ ਵਿਆਹ 1 ਜਨਵਰੀ 1962 ਨੂੰ ਰੂਪੀ ਕਿਸਕੂ ਨਾਲ ਹੋਇਆ। ਰੂਪੀ ਸੋਰੇਨ ਜਮਸ਼ੇਦਪੁਰ ਦੇ ਚੰਡਿਲ ਦੀ ਸੀ। ਦੋਹਾਂ ਦੇ ਘਰ ਤਿੰਨ ਪੁੱਤਰ ਦੁਰਗਾ ਸੋਰੇਨ, ਹੇਮੰਤ ਸੋਰੇਨ ਤੇ ਬਸੰਤ ਸੋਰੇਨ ਅਤੇ ਧੀ ਅੰਜਨੀ ਸੋਰੇਨ ਪੈਦਾ ਹੋਈ। ਦੁਰਗਾ ਸੋਰੇਨ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।
ਸ਼ਿਬੂ ਸੋਰੇਨ ਤਿੰਨ ਵਾਰ ਝਾਰਖੰਡ ਦੇ ਮੁੱਖ ਮੰਤਰੀ ਬਣੇ। ਦੁਮਕਾ ਸੀਟ ਤੋਂ ਅੱਠ ਵਾਰ ਲੋਕ ਸਭਾ ਮੈਂਬਰ ਰਹਿਣ ਤੋਂ ਇਲਾਵਾ ਉਹ ਜਾਮਾ ਵਿਧਾਨ ਸਭਾ ਤੋਂ ਇੱਕ ਵਾਰ ਵਿਧਾਇਕ ਚੁਣੇ ਗਏ ਸਨ। ਉਹ ਤਿੰਨ ਵਾਰ ਰਾਜ ਸਭਾ ਦੇ ਮੈਂਬਰ ਬਣੇ। ਹੁਣ ਵੀ ਰਾਜ ਸਭਾ ਦੇ ਮੈਂਬਰ ਸਨ। 1987 ਤੋਂ 2025 ਤੱਕ ਲਗਾਤਾਰ 38 ਸਾਲ ਤੱਕ ਪਾਰਟੀ ਪ੍ਰਧਾਨ ਰਹਿਣ ਤੋਂ ਬਾਅਦ ਉਨ੍ਹਾ ਨੂੰ ਇਸ ਸਾਲ ਬਾਨੀ ਸਰਪ੍ਰਸਤ ਬਣਾਇਆ ਗਿਆ ਸੀ। ਸ਼ਿਬੂ ਸੋਰੇਨ ਦੀ ਥਾਂ ਹੇਮੰਤ ਸੋਰੇਨ ਹੁਣ ਪਾਰਟੀ ਦੇ ਪ੍ਰਧਾਨ ਹਨ।
ਸੀ ਪੀ ਆਈ ਨੇ ਸੋਗ ਪ੍ਰਗਟਾਇਆ
ਲੁਧਿਆਣਾ (ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਸਕੱਤਰੇਤ ਨੇ ਦੇਸ਼ ਦੇ ਸਭ ਤੋਂ ਸੀਨੀਅਰ ਕਬਾਇਲੀ ਨੇਤਾਵਾਂ ਵਿੱਚੋਂ ਇੱਕ ਅਤੇ ਝਾਰਖੰਡ ਦੇ ਰਾਜਨੀਤਕ ਜੀਵਨ ਵਿੱਚ ਇੱਕ ਉੱਚੀ ਸ਼ਖਸੀਅਤ ਸ਼ਿਬੂ ਸੋਰੇਨ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ ਹੈ। ਪਾਰਟੀ ਨੇ ਕਿਹਾ ਕਿ ਕਬਾਇਲੀ ਅਧਿਕਾਰਾਂ ਅਤੇ ਸਮਾਜਿਕ ਨਿਆਂ ਦੇ ਚੈਂਪੀਅਨ ਨੇ ਝਾਰਖੰਡ ਦੀ ਪਛਾਣ ਨੂੰ ਆਕਾਰ ਦੇਣ ਅਤੇ ਇਸ ਦੇ ਹਾਸ਼ੀਏ ’ਤੇ ਧੱਕੇ ਗਏ ਲੋਕਾਂ ਨੂੰ ਆਵਾਜ਼ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ।
ਸ਼ਿਬੂ ਸੋਰੇਨ ਸੀ ਪੀ ਆਈ ਨੇਤਾ ਬਿਨੋਦ ਬਿਹਾਰੀ ਮਹਤੋ ਅਤੇ ਮਾਰਕਸਵਾਦੀ ਨੇਤਾ ਰਾਏ ਦੇ ਨਾਲ ਝਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਸਨ, ਜੋ ਕਿ ਮਾਣ, ਜ਼ਮੀਨ ਅਤੇ ਮਾਨਤਾ ਲਈ ਕਬਾਇਲੀ ਸੰਘਰਸ਼ ਦਾ ਮੰਚ ਬਣ ਗਿਆ। ਆਦਿਵਾਸੀਆਂ ਦੇ ਲੋਕਤੰਤਰੀ ਦਾਅਵੇ ਅਤੇ ਝਾਰਖੰਡ ਦੇ ਰਾਜਨੀਤਕ ਵਿਕਾਸ ਵਿੱਚ ਉਨ੍ਹਾ ਦੇ ਯੋਗਦਾਨ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ।
ਸੀ ਪੀ ਆਈ ਇਸ ਦੁੱਖ ਦੀ ਘੜੀ ਵਿੱਚ ਉਨ੍ਹਾ ਦੀ ਪਤਨੀ ਰੂਪੀ ਸੋਰੇਨ, ਪੁੱਤਰਾਂ ਹੇਮੰਤ ਸੋਰੇਨ ਅਤੇ ਬਸੰਤ ਸੋਰੇਨ, ਧੀ ਅੰਜਲੀ ਸੋਰੇਨ, ਨੂੰਹ ਕਲਪਨਾ ਸੋਰੇਨ ਅਤੇ ਸਮੁੱਚੀ ਝਾਰਖੰਡ ਮੁਕਤੀ ਮੋਰਚਾ ਲੀਡਰਸ਼ਿਪ, ਕਾਡਰ ਅਤੇ ਉਨ੍ਹਾ ਦੇ ਸ਼ੁਭਚਿੰਤਕਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਪ੍ਰਗਟ ਕਰਦੀ ਹੈ।





