ਜੇਲ੍ਹਬੰਦ ਸਾਧ ਨੂੰ ਮੁਲਾਜ਼ਮਾਂ ਨਾਲੋਂ ਵੀ ਵੱਧ ਛੁੱਟੀਆਂ!

0
100

ਸਿਰਸਾ : ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ, ਜਿਹੜਾ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਦੇ ਮਾਮਲਿਆਂ ਵਿੱਚ 20 ਸਾਲ ਕੈਦ ਦੀ ਸਜ਼ਾ ਭੁਗਤ ਰਿਹਾ ਹੈ, 40 ਦਿਨ ਦੀ ਪੈਰੋਲ ਮਿਲਣ ’ਤੇ ਸੁਨਾਰਿਆ ਜੇਲ੍ਹ ਤੋਂ ਮੰਗਲਵਾਰ ਸਵੇਰੇ ਸਿਰਸਾ ਪੁੱਜ ਗਿਆ। ਉਸ ਨੂੰ 2017 ਵਿੱਚ ਜੇਲ੍ਹ ਭੇਜਿਆ ਗਿਆ ਸੀ। ਉਸ ਤੋਂ ਬਾਅਦ ਉਹ 2020 ਤੋਂ ਘੱਟੋ-ਘੱਟ 344 ਦਿਨਾਂ ਦੀ ਪੈਰੋਲ ਅਤੇ ਫਰਲੋ ’ਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਇਹ ਦਿਨ ਭਾਰਤ ਦੀ ਕਿਸੇ ਫਰਾਖਦਿਲ ਨਿੱਜੀ ਕੰਪਨੀ ਵੱਲੋਂ ਆਪਣੇ ਸਟਾਫ ਨੂੰ ਸਾਲ ਵਿੱਚ ਔਸਤਨ 30 ਦਿਨ ਦੀ ਕਮਾਈ/ ਅਖਤਿਆਰੀ ਛੁੱਟੀ ਦੇਣ ਨਾਲੋਂ ਵੀ ਵੱਧ ਬਣਦੇ ਹਨ। ਡੇਰਾ ਮੁਖੀ ਦੇ ਹਰਿਆਣਾ, ਪੰਜਾਬ, ਰਾਜਸਥਾਨ ਤੇ ਹੋਰਨਾਂ ਰਾਜਾਂ ਵਿੱਚ ਕਾਫੀ ਪੈਰੋਕਾਰ ਹਨ ਅਤੇ ਉਸ ਨੂੰ ਚੋਣਾਂ ਵੇਲੇ ਜੇਲ੍ਹੋਂ ਬਾਹਰ ਆਉਣ ਦਾ ਅਕਸਰ ਮੌਕਾ ਦਿੱਤਾ ਜਾਂਦਾ ਹੈ। 24 ਅਕਤਬੂਰ 2020 ਨੂੰ ਉਸ ਨੂੰ ਗੁੜਗਾਓਂ ਵਿੱਚ ਬਿਮਾਰ ਮਾਂ ਨੂੰ ਮਿਲਣ ਲਈ ਇੱਕ ਦਿਨ ਜੇਲ੍ਹੋਂ ਬਾਹਰ ਕੱਢਿਆ ਗਿਆ ਸੀ। 21 ਮਈ 2021 ਵਿੱਚ ਮਾਂ ਨੂੰ ਮਿਲਣ ਲਈ 12 ਘੰਟੇ ਬਾਹਰ ਕੱਢਿਆ ਗਿਆ। 7 ਫਰਵਰੀ 2022 ਵਿੱਚ ਪੰਜਾਬ ਅਸੈਂਬਲੀ ਚੋਣਾਂ ਤੋਂ ਪਹਿਲਾਂ 21 ਦਿਨਾਂ ਦੀ ਫਰਲੋ ਦਿੱਤੀ ਗਈ। 17 ਜੂਨ 2022 ਨੂੰ ਯੂ ਪੀ ਦੇ ਬਾਗਪਤ ਦੇ ਬਰਨਾਵਾ ਵਿਚਲੇ ਆਸ਼ਰਮ ਦਾ ਦੌਰਾ ਕਰਨ ਲਈ 30 ਦਿਨ ਦੀ ਪੈਰੋਲ ’ਤੇ ਛੱਡਿਆ। 14 ਅਕਤਬੂਰ 2022 ਨੂੰ ਬਰਨਾਵਾ ਆਸ਼ਰਮ ਜਾਣ ਲਈ 40 ਦਿਨ ਦੀ ਪੈਰੋਲ ਦਿੱਤੀ ਗਈ। ਉੱਥੇ ਉਸ ਨੇ ਤਿੰਨ ਮਿਊਜ਼ਿਕ ਵੀਡੀਓ ਜਾਰੀ ਕੀਤੀਆਂ। 21 ਜਨਵਰੀ 2023 ਨੂੰ 40 ਦਿਨ ਦੀ ਪੈਰੋਲ ਦਿੱਤੀ ਗਈ। ਇਸ ਦੌਰਾਨ ਉਸ ਨੇ ਤਲਵਾਰ ਨਾਲ ਕੇਕ ਕੱਟ ਕੇ ਜਨਮ ਦਿਨ ਮਨਾਇਆ। 20 ਜੁਲਾਈ 2023 ਨੂੰ ਬਰਨਾਵਾ ਆਸ਼ਰਮ ਜਾਣ ਲਈ 30 ਦਿਨ ਦੀ ਪੈਰੋਲ ਦਿੱਤੀ ਗਈ। 20 ਨਵੰਬਰ 2023 ਨੂੰ 21 ਦਿਨ ਦੀ ਪੈਰੋਲ ਦਿੱਤੀ ਗਈ। 19 ਜਨਵਰੀ 2024 ਨੂੰ ਬਰਨਾਵਾ ਜਾਣ ਲਈ 50 ਦਿਨ ਦੀ ਪੈਰੋਲ ਦਿੱਤੀ ਗਈ। 2 ਅਕਤਬੂਰ 2024 ਨੂੰ ਹਰਿਆਣਾ ਅਸੈਂਬਲੀ ਚੋਣਾਂ ਤੋਂ ਪਹਿਲਾਂ 20 ਦਿਨ ਦੀ ਪੈਰੋਲ ਦਿੱਤੀ ਗਈ। 28 ਜਨਵਰੀ 2025 ਨੂੰ ਦਿੱਲੀ ਚੋਣਾਂ ਤੋਂ ਇੱਕ ਹਫਤਾ ਪਹਿਲਾਂ 30 ਦਿਨ ਦੀ ਪੈਰੋਲ ਦਿੱਤੀ ਗਈ। 9 ਅਪ੍ਰੈਲ 2025 ਨੂੰ 21 ਦਿਨ ਦੀ ਫਰਲੋ ਦਿੱਤੀ ਗਈ। 5 ਅਗਸਤ 2025 ਨੂੰ 40 ਦਿਨ ਦੀ ਪੈਰੋਲ ਦਿੱਤੀ ਗਈ ਹੈ। ਇਸ ਨਾਲ ਉਹ ਇਸ ਸਾਲ ਹੁਣ ਤੱਕ ਕਰੀਬ ਤਿੰਨ ਮਹੀਨੇ ਜੇਲ੍ਹੋਂ ਬਾਹਰ ਰਹਿ ਲਵੇਗਾ।