ਦੇਹਰਾਦੂਨ : ਉੱਤਰਾਖੰਡ ਵਿੱਚ ਮੰਗਲਵਾਰ ਦੋ ਥਾਈਂ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ। ਇੱਕ ਬੱਦਲ ਉੱਤਰਕਾਸ਼ੀ ਦੇ ਹਰਸ਼ੀਲ ਇਲਾਕੇ ਦੇ ਧਰਾਲੀ ਪਿੰਡ ਉੱਤੇ ਬਾਅਦ ਦੁਪਹਿਰ ਪੌਣੇ ਦੋ ਵਜੇ ਤੇ ਦੂਜਾ ਧਰਾਲੀ ਨੇੜੇ ਹੀ ਸੁੱਖੀ ਟਾਪ ’ਤੇ ਫਟਿਆ।
ਧਰਾਲੀ ’ਤੇ ਬੱਦਲ ਫਟਣ ਨਾਲ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪਿੰਡ ਦੇ 40-50 ਘਰ ਰੁੜ੍ਹ ਗਏ ਅਤੇ 50 ਤੋਂ ਵੱਧ ਲੋਕ ਲਾਪਤਾ ਹੋ ਗਏ। ਗਾਰ ਪੂਰੇ ਪਿੰਡ ਵਿੱਚ ਭਰ ਗਈ। ਬਹੁਤ ਸਾਰੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਹ ਤਬਾਹੀ ਸਿਰਫ 34 ਸਕਿੰਟਾਂ ਵਿੱਚ ਹੋ ਗਈ। ਲੋਕਾਂ ਨੂੰ ਇਸ ਤਬਾਹੀ ਨੇ 7 ਫਰਵਰੀ 2021 ਵਿੱਚ ਚਮੋਲੀ ਵਿੱਚ ਹੋਈ ਤਬਾਹੀ ਚੇਤੇ ਕਰਾ ਦਿੱਤੀ, ਜਿਸ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ ਸਨ।
ਅਧਿਕਾਰੀਆਂ ਨੇ ਸ਼ੁਰੂਆਤ ਵਿੱਚ ਘੱਟੋ-ਘੱਟ 4 ਮੌਤਾਂ ਦੀ ਗੱਲ ਕਹੀ, ਪਰ ਮੰਨਿਆ ਜਾ ਰਿਹਾ ਹੈ ਕਿ ਤਬਾਹੀ ਬਹੁਤ ਹੋਈ ਹੈ। ਧਰਾਲੀ ਗੰਗੋਤਰੀ ਜਾਣ ਵਾਲੇ ਰਸਤੇ ਵਿੱਚ ਠਹਿਰਾਅ ਦਾ ਮੁੱਖ ਪੜਾਅ ਹੈ। ਇਹ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ ਤੇ ਇੱਥੇ ਕਰੀਬ 20-25 ਹੋਟਲ ਅਤੇ ਹੋਮ ਸਟੇਅ ਹਨ, ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਧਰਾਲੀ ਦਾ ਬਾਜ਼ਾਰ ਵੀ ਰੁੜ੍ਹ ਗਿਆ ਹੈ। ਧਰਾਲੀ ਦੇਹਰਾਦੂਨ ਤੋਂ 28 ਕਿੱਲੋਮੀਟਰ ਦੂਰ ਹੈ ਅਤੇ ਗੰਗੋਤਰੀ ਧਾਮ ਤੋਂ 10 ਕਿੱਲੋਮੀਟਰ ਉਰੇ ਤੇ ਹਰਸ਼ਿਲ ਤੋਂ ਸਿਰਫ ਦੋ ਕਿੱਲੋਮੀਟਰ ਅੱਗੇ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਖੀਰ ਗੰਗਾ ਨਦੀ ਦੇ ਕੈਚਮੈਂਟ ਖੇਤਰ ਵਿੱਚ ਕਿਤੇ ਬੱਦਲ ਫਟਣ ਕਾਰਨ ਭਿਆਨਕ ਹੜ੍ਹ ਆਇਆ। ਖੀਰ ਗੰਗਾ ਦੇ ਕੰਢੇ ਸਥਿਤ ਪ੍ਰਾਚੀਨ ਕਲਪਾ ਕੇਦਾਰ ਮੰਦਰ ਦੇ ਵੀ ਮਲਬੇ ਹੇਠ ਦੱਬੇ ਹੋਣ ਦੀ ਖਬਰ ਹੈ।
ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟਰੇਟ ਪ੍ਰਸ਼ਾਂਤ ਆਰੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਸ਼ਿਲ ਤੋਂ ਫੌਜ ਦੀ ਇੱਕ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਪਿੰਡ ਵਾਸੀ ਰਾਜੇਸ਼ ਪਵਾਰ ਨੇ ਦੱਸਿਆ ਕਿ ਮਲਬੇ ਹੇਠ ਲਗਭਗ 10-12 ਲੋਕ ਦੱਬੇ ਹੋ ਸਕਦੇ ਹਨ।
ਭਿਆਨਕ ਵੀਡੀਓ ਵਿੱਚ ਹੜ੍ਹ ਦਾ ਪਾਣੀ ਪਹਾੜ ਤੋਂ ਹੇਠਾਂ ਵਗਦੇ ਹੋਏ ਪਿੰਡ ਵਿੱਚ ਵੜਦਾ ਨਜ਼ਰ ਆ ਰਿਹਾ ਹੈ। ਇਹ ਸੈਲਾਬ ਘਰਾਂ, ਸੜਕਾਂ ਅਤੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਗਿਆ। ਲੋਕਾਂ ਨੂੰ ਘਬਰਾਹਟ ਵਿੱਚ ਚੀਕਦੇ ਸੁਣਿਆ ਜਾ ਸਕਦਾ ਹੈ।
ਲਗਾਤਾਰ ਪੰਜਵੇਂ ਦਿਨ ਵੀ ਉਤਰਾਖੰਡ ਵਿੱਚ ਮੌਨਸੂਨ ਦੀ ਝੜੀ ਜਾਰੀ ਰਹੀ, ਜਿਸ ਨਾਲ ਕਈ ਜ਼ਿਲ੍ਹਿਆਂ ਵਿੱਚ ਆਮ ਜਨਜੀਵਨ ਪ੍ਰਭਾਵਤ ਹੋਇਆ।
ਉਧਰ ਹਿਮਾਚਲ ਵਿੱਚ ਢਿਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜ ਮਾਰਗ ਨੂੰ ਕਈ ਥਾਵਾਂ ’ਤੇ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਦੋਵਾਂ ਪਾਸਿਆਂ ਤੋਂ ਵਾਹਨਾਂ ਦੀ ਆਵਾਜਾਈ ਰੁਕ ਗਈ ਹੈ ਅਤੇ ਯਾਤਰੀ ਫਸੇ ਹੋਏ ਹਨ। ਮੰਡੀ ਜ਼ਿਲ੍ਹੇ ਦੇ ਬਲਹ ਉਪ ਮੰਡਲ ਵਿੱਚ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਘਰਾਂ ਅਤੇ ਦੁਕਾਨਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਸ਼ਰਨ ਲੈਣੀ ਪਈ ਹੈ। ਸੂਬੇ ਵਿੱਚ ਕੁੱਲ 309 ਸੜਕਾਂ ਢਿਗਾਂ ਅਤੇ ਮਲਬਾ ਡਿੱਗਣ ਕਾਰਨ ਬੰਦ ਹਨ। 236 ਜਲ ਸਪਲਾਈ ਸਕੀਮਾਂ ਅਤੇ 113 ਬਿਜਲੀ ਵੰਡ ਟਰਾਂਸਫਾਰਮਰ ਕੰਮ ਨਹੀਂ ਕਰ ਰਹੇ।





