ਚੰਡੀਗੜ੍ਹ : ਪਹਾੜੀ ਇਲਾਕਿਆਂ ਵਿੱਚ ਮੀਂਹ ਕਾਰਨ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ’ਤੇ ਸੂਬਾ ਸਰਕਾਰ ਨੇ ਸਾਰੇ 23 ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਹਨ। ਇਹ ਕੰਟਰੋਲ ਰੂਮ 24 ਘੰਟੇ ਕੰਮ ਕਰਨਗੇ ਅਤੇ ਸੰਵੇਦਨਸ਼ੀਲ ਤੇ ਹੜ੍ਹ ਪ੍ਰਭਾਵਤ ਖੇਤਰਾਂ ਦੀ ਨਿਗਰਾਨੀ ਕਰਨਗੇ। ਤਿੰਨਾਂ ਡੈਮਾਂ ਵਿੱਚ ਪਾਣੀ ਦਾ ਪੱਧਰ ਭਾਵੇਂ ਸੁਰੱਖਿਅਤ ਹੱਦ ਦੇ ਅੰਦਰ ਹੈ, ਪਰ ਹੌਲੀ-ਹੌਲੀ ਵਧ ਰਿਹਾ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,637.4 ਫੁੱਟ (1,680 ਫੁੱਟ ਵੱਧ ਤੋਂ ਵੱਧ ਇਹ ਸੰਭਾਲ ਸਕਦਾ ਹੈ), ਪੌਂਗ ਡੈਮ 1,373.08 ਫੁੱਟ (ਵੱਧ ਤੋਂ ਵੱਧ ਇਹ 1,390 ਫੁੱਟ ਰੱਖ ਸਕਦਾ ਹੈ), ਅਤੇ ਰਣਜੀਤ ਸਾਗਰ ਡੈਮ ਵਿੱਚ 1,694.64 ਫੁੱਟ (ਵੱਧ ਤੋਂ ਵੱਧ ਇਹ 1,731.55 ਫੁੱਟ) ਹੈ।
3 ਜਵਾਨਾਂ ਦੀ ਮੌਤ, 15 ਜ਼ਖਮੀ
ਜੰਮੂ : ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਇਲਾਕੇ ਵਿੱਚ ਕਾਡਵਾ ਨੇੜੇ ਸੀ ਆਰ ਪੀ ਐੱਫ ਦਾ ਵਾਹਨ ਖੱਡ ਵਿੱਚ ਡਿੱਗਣ ਨਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ ਤੇ 15 ਜ਼ਖਮੀ ਹੋ ਗਏ। ਹਾਦਸਾ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਹੋਇਆ ਜਦੋਂ 187ਵੀਂ ਬਟਾਲੀਅਨ ਦੇ 23 ਜਵਾਨ ਬਸੰਤਗੜ੍ਹ ਵਿੱਚ ਇੱਕ ਅਪ੍ਰੇਸ਼ਨ ਮਗਰੋਂ ਵਾਪਸ ਆ ਰਹੇ ਸਨ।
ਸੰਸਦ ਨਹੀਂ ਚੱਲੀ
ਨਵੀਂ ਦਿੱਲੀ : ਵਿਰੋਧੀ ਧਿਰਾਂ ਵੱਲੋਂ ਬਿਹਾਰ ਵਿੱਚ ਵਿਸ਼ੇਸ਼ ਵਿਆਪਕ ਵੋਟਰ ਸੁਧਾਈ ਅਤੇ ਹੋਰਨਾਂ ਮਾਮਲਿਆਂ ਬਾਰੇ ਚਰਚਾ ਦੀ ਮੰਗ ਨੂੰ ਲੈ ਕੇ ਬਣੇ ਜਮੂਦ ਦੇ ਚਲਦਿਆਂ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵੀਰਵਾਰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।


