ਇਸ ਸਮੇਂ ਹੌਲੀ-ਹੌਲੀ ਹੀ ਸਹੀ, 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਤੰਦੂਰ ਮਘਣਾ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਇੱਕ ਪਾਸੇ ਤਾਂ ਈ ਡੀ ਤੇ ਸੀ ਬੀ ਆਈ ਰਾਹੀਂ ਡਰਾ ਕੇ ਦੂਜੀਆਂ ਪਾਰਟੀਆਂ ਵਿੱਚ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਦੂਜੇ ਪਾਸੇ ਫਿਰਕੂ ਕਤਾਰਬੰਦੀ ਤੇਜ਼ ਕਰਨ ਲਈ ਨਫ਼ਰਤੀ ਮੁਹਿੰਮ ਛੇੜੀ ਹੋਈ ਹੈ। ਕਰਨਾਟਕ ਵਿੱਚ ਈਦਗਾਹਾਂ ਵਿੱਚ ਗਣੇਸ਼ ਪੂਜਾ ਦੇ ਬਹਾਨੇ ਕਬਜ਼ੇ ਕਰਨ ਦੀ ਮੁਹਿੰਮ ਤੋਂ ਬਾਅਦ ਸਭ ਤੋਂ ਵੱਧ ਲੋਕ ਸਭਾ ਸੀਟਾਂ ਵਾਲੇ ਉਤਰ ਪ੍ਰਦੇਸ਼ ਨੂੰ ਵੀ ਫਿਰਕੂ ਅੱਗ ਦੇ ਹਵਾਲੇ ਕਰਨ ਲਈ ਨਵੇਂ-ਨਵੇਂ ਪੰਗੇ ਖੜ੍ਹੇ ਕੀਤੇ ਜਾ ਰਹੇ ਹਨ।
ਅਯੁੱਧਿਆ ਵਿੱਚ ਰਾਮ ਮੰਦਰ ਦਾ ਝਗੜਾ ਖ਼ਤਮ ਹੋਣ ਤੋਂ ਬਾਅਦ ਕਾਸ਼ੀ ਵਿਚਲੀ ਗਿਆਨਵਾਪੀ ਮਸਜਿਦ ਤੇ ਮਥੁਰਾ ਵਿੱਚ ਭਗਵਾਨ �ਿਸ਼ਨ ਦੇ ਜਨਮ ਸਥਾਨ ਦਾ ਮਸਲਾ ਖੜ੍ਹਾ ਕਰ ਦਿੱਤਾ ਗਿਆ ਸੀ। ਇਹ ਦੋਵੇਂ ਮਸਲੇ ਅਦਾਲਤਾਂ ਵਿੱਚ ਪੁੱਜ ਚੁੱਕੇ ਹਨ ਤੇ ਹਿੰਦੂ-ਮੁਸਲਮਾਨਾਂ ਵਿੱਚ ਪਾੜੇ ਨੂੰ ਤਿੱਖਾ ਕਰਨ ਵਿੱਚ ਸਹਾਈ ਹੋ ਰਹੇ ਹਨ। ਹੁਣ ਯੂ ਪੀ ਦੇ ਬਦਾਊਂ ਵਿਚਲੀ ਮਸਜਿਦ ਨੂੰ ਵੀ ਨਿਸ਼ਾਨੇ ਉੱਤੇ ਲੈ ਆਂਦਾ ਗਿਆ ਹੈ।
ਬਦਾਊਂ ਵਿਚਲੀ ਜਾਮਾ ਮਸਜਿਦ ਨੂੰ ਦਿੱਲੀ ਦੀ ਜਾਮਾ ਮਸਜਿਦ ਤੋਂ ਬਾਅਦ ਦੇਸ਼ ਦੀ ਤੀਜੀ ਸਭ ਤੋਂ ਪੁਰਾਣੀ ਮਸਜਿਦ ਗਿਣਿਆ ਜਾਂਦਾ ਹੈ। ਬਦਾਊਂ ਦੇ ਕੁਝ ਵਕੀਲਾਂ ਨੇ ਅਦਾਲਤ ਵਿੱਚ ਇੱਕ ਰਿੱਟ ਦਾਖਲ ਕਰਕੇ ਇਸ ਮਸਜਿਦ ਦੇ ਪਹਿਲਾਂ ਨੀਲ ਕੰਠ ਮਹਾਂਦੇਵ ਮੰਦਰ ਹੋਣ ਦਾ ਦਾਅਵਾ ਕੀਤਾ ਹੈ। ਅਦਾਲਤ ਨੇ ਇਸ ਰਿੱਟ ਉੱਤੇ ਸੁਣਵਾਈ ਕਰਦਿਆਂ 9 ਸਤੰਬਰ ਦੀ ਤਰੀਕ ਪਾਈ ਹੈ। ਕੋਰਟ ਨੇ ਮਸਜਿਦ ਦੀ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਪੇਸ਼ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋਹਾਂ ਫਿਰਕਿਆਂ ਵਿੱਚ ਨਫ਼ਰਤ ਫੈਲਣੀ ਸ਼ੁਰੂ ਹੋ ਗਈ ਹੈ। ਹਿੰਦੂਤਵੀ ਆਗੂ ਇਹੋ ਹੀ ਤਾਂ ਚਾਹੁੰਦੇ ਹਨ।
ਇਸੇ ਦੌਰਾਨ ਹੀ ਸ਼ਾਮਲੀ ਦੇ ਇੱਕ ਪਿੰਡ ਵਿਚਲੇ ਮੰਦਰ ਵਿੱਚ ਮਾਸ ਦੇ ਟੁਕੜੇ ਸੁੱਟਣ ਨੂੰ ਲੈ ਕੇ ਦੋਹਾਂ ਫਿਰਕਿਆਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਬੀਤੇ ਸ਼ਨੀਵਾਰ ਇਸ ਪਿੰਡ ਵਿੱਚ ਹਵਨ ਯੱਗ ਤੇ ਪ੍ਰਸਾਦ ਵੰਡਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਤੋਂ ਪਹਿਲੀ ਰਾਤ ਹੀ ਅਸਮਾਜਿਕ ਤੱਤਾਂ ਨੇ ਮੰਦਰ ਤੇ ਪ੍ਰਸ਼ਾਦ ਵੰਡਣ ਵਾਲੇ ਰਾਹ ’ਤੇ 11 ਥਾਵਾਂ ਉੱਤੇ ਮਾਸ ਦੇ ਟੁਕੜੇ ਖਿਲਾਰ ਦਿੱਤੇ ਸਨ। ਭਾਵੇਂ ਪੁਲਸ ਨੇ ਆ ਕੇ ਸਥਿਤੀ ਨੂੰ ਵਿਗੜਣ ਤੋਂ ਸੰਭਾਲ ਲਿਆ, ਪਰ ਨਫ਼ਰਤ ਦੀ ਚਿੰਗਾੜੀ ਦਾ ਅਸਰ ਤਾਂ ਦਿਲਾਂ ਵਿੱਚ ਕਾਇਮ ਰਹੇਗਾ।
ਇਸ ਦੇ ਉਲਟ ਵਿਰੋਧੀ ਧਿਰਾਂ ਸਮਾਜਕ ਇਕਸੁਰਤਾ ਦੇ ਮੁੱਦੇ ਨੂੰ ਆਪਣੀ ਚੋਣ ਮੁਹਿੰਮ ਦੇ ਕੇਂਦਰ ਵਿੱਚ ਰੱਖ ਕੇ ਸਰਗਰਮੀ ਫੜ ਰਹੀਆਂ ਹਨ। ਕਾਂਗਰਸ ਪਾਰਟੀ ਵੱਲੋਂ ‘ਭਾਰਤ ਜੋੜੋ’ ਦੇ ਨਾਂਅ ਉੱਤੇ ਦੇਸ਼ ਪੱਧਰੀ ਪੈਦਲ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਸਭ ਸੂਬਿਆਂ ਵਿੱਚੋਂ ਲੰਘਣ ਵਾਲੀ 3700 ਕਿਲੋਮੀਟਰ ਲੰਮੀ ਇਸ ਯਾਤਰਾ ਦਾ ਮੁੱਖ ਮਕਸਦ ਭਾਜਪਾ ਦੀ ਫਿਰਕੂ ਵੰਡਪਾਊ ਨੀਤੀ ਵਿਰੁੱਧ ਫਿਰਕੂ ਸਦਭਾਵਨਾ ਦਾ ਸੁਨੇਹਾ ਘਰ-ਘਰ ਪੁਚਾਉਣਾ ਹੋਵੇਗਾ।
ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਵਿਰੁੱਧ ਫੈਸਲਾਕੁੰਨ ਯੁੱਧ ਦਾ ਐਲਾਨ ਕਰ ਦਿੱਤਾ ਹੈ। ਨਿਤੀਸ਼ ਕੁਮਾਰ ਆਪਣੇ ਘੱਟ ਬੋਲਣ ਵਾਲੇ ਸੁਭਾਅ ਦੇ ਉਲਟ ਨਿੱਤ ਦਿਨ ਹੀ ਭਾਜਪਾ ਵਿਰੁੱਧ ਤਿੱਖੇ ਬਿਆਨ ਦੇ ਰਹੇ ਹਨ। ਉਨ੍ਹਾ ਜਨਤਾ ਦਲ (ਯੂ) ਦੀ ਕਾਰਜਕਾਰਨੀ ਵਿੱਚ ਬੋਲਦਿਆਂ ਇਥੋਂ ਤੱਕ ਕਹਿ ਦਿੱਤਾ ਕਿ 2024 ਦੀਆਂ ਚੋਣਾਂ ਵਿੱਚ ਉਹ ਭਾਜਪਾ ਨੂੰ ਸਮੇਟ ਕੇ ਰੱਖ ਦੇਣਗੇ। ਉਨ੍ਹਾ ਆਪਣੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਬੇਰੁਜ਼ਗਾਰੀ, ਮਹਿੰਗਾਈ, ਵਿਰੋਧੀ ਦਲਾਂ ਦੀ ਏਕਤਾ ਤੇ ਫਿਰਕੂ ਸਦਭਾਵਨਾ ਨੂੰ ਆਪਣਾ ਹਥਿਆਰ ਬਣਾਉਣਗੇ। ਉਨ੍ਹਾ ਕਿਹਾ ਕਿ ਉਹ ਵਿਰੋਧੀ ਦਲਾਂ ਦੀ ਏਕਤਾ ਲਈ ਜੁਟੇ ਹੋਏ ਹਨ ਤੇ ਜੇਕਰ ਸਭ ਵਿਰੋਧੀ ਦਲ ਮਿਲ ਕੇ ਚੋਣਾਂ ਲੜਨ ਤਾਂ ਮੋਦੀ ਨੂੰ ਹਰਾਉਣਾ ਮੁਸ਼ਕਲ ਨਹੀਂ ਹੈ। ਉਨ੍ਹਾ ਕਿਹਾ ਕਿ ਮੋਦੀ ਦੇ ਖ਼ਿਲਾਫ਼ ਕਿਸਾਨ ਸੰਘਰਸ਼ ਮੁੜ ਸ਼ੁਰੂ ਕਰਨ ਦੀ ਵੱਡੀ ਲੋੜ ਹੈ।
ਨਿਤੀਸ਼ ਕੁਮਾਰ ਦੇ ਇਨ੍ਹਾਂ ਤੇਵਰਾਂ ਤੋਂ ਜਾਪਦਾ ਹੈ ਕਿ ਹੁਣ ਉਹ ਭਾਜਪਾ ਨਾਲ ਆਹਮਣੇ-ਸਾਹਮਣੇ ਦੀ ਜੰਗ ਲਈ ਤਿਆਰ ਹੋ ਚੁੱਕੇ ਹਨ। ਨਿਤੀਸ਼ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਵਿਰੋਧੀ ਦਲਾਂ ਨੂੰ ਇਕਜੁੱਟ ਕਰਨ ਦੀ ਹੈ। ਇਸ ਲਈ ਉਹ ਦਿੱਲੀ ਪੁੱਜ ਗਏ ਹਨ। ਦਿੱਲੀ ਵਿੱਚ ਉਨ੍ਹਾ ਦਾ ਪ੍ਰੋਗਰਾਮ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਐੱਨ ਸੀ ਪੀ ਦੇ ਮੁਖੀ ਸ਼ਰਦ ਪਵਾਰ ਤੇ ਖੱਬੀਆਂ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਵਿਰੋਧੀ ਦਲਾਂ ਦੀ ਏਕਤਾ ਲਈ ਸਲਾਹ-ਮਸ਼ਵਰਾ ਕਰਨ ਦਾ ਹੈ। ਆਪਣੇ ਤਿੰਨ ਦਿਨਾ ਦੌਰੇ ਦੌਰਾਨ ਉਹ ਹੋਰ ਵਿਰੋਧੀ ਦਲਾਂ ਦੇ ਆਗੂਆਂ ਨੂੰ ਵੀ ਮਿਲ ਸਕਦੇ ਹਨ।
-ਚੰਦ ਫਤਿਹਪੁਰੀ