ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾ)
ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਕੇ ਪਰਤੇ ਦਾਦੀ-ਪੋਤੇ ਕੋਲੋਂ ਬੀ ਐੱਸ ਐੱਫ ਵੱਲੋਂ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਜ਼ਬਤ ਕੀਤੀ ਹੈ। ਡੀ ਐੱਸ ਪੀ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ’ਤੇ ਸ੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ’ਤੇ ਤਾਇਨਾਤ ਬੀ ਐੱਸ ਐੱਫ ਦੀ 185 ਬਟਾਲੀਅਨ ਦੇ ਜਵਾਨਾਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਦੀਨਾਨਗਰ ਦੇ ਪਿੰਡ ਝੰਡੀ ਦੇ ਪਵਨ ਕੁਮਾਰ (25) ਦੀ ਚੈਕਿੰਗ ਦੌਰਾਨ ਇਕ ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ।
ਇਸ ਤੋਂ ਬਾਅਦ ਜਦੋਂ ਵ੍ਹੀਲਚੇਅਰ ’ਤੇ ਲਿਆਂਦੀ ਜਾ ਰਹੀ ਬਜ਼ੁਰਗ ਬਾਵੀ ਦੇਵੀ (70) ਦੀ ਜਾਂਚ ਕੀਤੀ ਤਾਂ ਉਸ ਕੋਲੋਂ ਵੀ 2 ਲੱਖ ਰੁਪਏ ਮਿਲੇ। ਇਨ੍ਹਾਂ ਨੂੰ ਡੇਰਾ ਬਾਬਾ ਨਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਡੀ ਐੱਸ ਪੀ ਨੇ ਦੱਸਿਆ ਕਿ ਮਾਤਾ ਨੇ ਦੱਸਿਆ ਹੈ ਕਿ ਉਸ ਦਾ ਭਰਾ ਪਾਕਿਸਤਾਨ ’ਚ ਰਹਿੰਦਾ ਹੈ ਅਤੇ ਇਹ ਪੈਸੇ ਉਸ ਨੇ ਹੀ ਦਿੱਤੇ। ਮਾਤਾ ਮੁਤਾਬਕ ਉਹ ਦੂਸਰੀ ਵਾਰ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਈ ਹੈ।