ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਾਅਵਾ ਕੀਤਾ ਹੈ ਕਿ ਜਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਹੋਈ ਤਾਂ ਅਮਰੀਕਾ ‘ਸਿੱਧੇ ਤੌਰ ’ਤੇ ਇਸ ਵਿੱਚ’ ਸ਼ਾਮਲ ਹੋਇਆ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋਵਾਂ ਪ੍ਰਮਾਣੂ ਸੰਪੰਨ ਗੁਆਂਢੀਆਂ ਵਿਚਾਲੇ ‘ਸ਼ਾਂਤੀ ਸਥਾਪਤ ਕਰਨ ਵਿਚ ਸਫਲ’ ਰਹੇ। ਟਰੰਪ ਨੇ 10 ਮਈ ਮਗਰੋਂ ਕਈ ਵਾਰ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਹੈ ਕਿ ਉਨ੍ਹਾ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ‘ਸਮਾਪਤ’ ਕਰਨ ਵਿਚ ਮਦਦ ਕੀਤੀ ਤੇ ਦੋਵਾਂ ਮੁਲਕਾਂ ਨੂੰ ਕਿਹਾ ਕਿ ਜੇ ਉਹ ਟਕਰਾਅ ਰੋਕ ਦੇਣ ਤਾਂ ਅਮਰੀਕਾ ਉਨ੍ਹਾਂ ਨਾਲ ‘ਬਹੁਤ ਸਾਰਾ’ ਵਪਾਰ ਕਰੇਗਾ। ਉਧਰ, ਭਾਰਤ ਲਗਾਤਾਰ ਇਹ ਕਹਿੰਦਾ ਆਇਆ ਹੈ ਕਿ ਪਾਕਿਸਤਾਨ ਨਾਲ ਫੌਜੀ ਟਕਰਾਅ ਖਤਮ ਕਰਨ ਬਾਰੇ ਸਹਿਮਤੀ ਦੋਵਾਂ ਫੌਜਾਂ ਦੇ ਡੀ ਜੀ ਐੱਮ ਓਜ਼ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਬਣੀ ਸੀ। ਰੂਬੀਓ ਨੇ ਵੀਰਵਾਰ ਨੂੰ ‘ਈ ਡਬਲਿਊ ਟੀ ਐੱਨ’ ਦੇ ‘ਦਿ ਵਰਲਡ ਓਵਰ’ ਪ੍ਰੋਗਰਾਮ ਲਈ ਦਿੱਤੀ ਇਕ ਇੰਟਰਵਿਊ ਵਿੱਚ ਕਿਹਾ ਕਿ ਟਰੰਪ ਸ਼ਾਂਤੀ ਲਈ ਪ੍ਰਤੀਬੱਧ ਹਨ ਤੇ ਉਹ ‘ਅਮਨ ਦੇ ਰਾਸ਼ਟਰਪਤੀ’ ਹਨ। ਉਨ੍ਹਾ ਕਿਹਾ, ‘‘ਤੇ ਇਸ ਲਈ ਅਸੀਂ ਦੇਖਿਆ ਕਿ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਤਾਂ ਅਸੀਂ ਸਿੱਧੇ ਤੌਰ ’ਤੇ ਇਸ ਵਿੱਚ ਸ਼ਾਮਲ ਹੋਏ ਤੇ ਰਾਸ਼ਟਰਪਤੀ (ਟਰੰਪ) ਸ਼ਾਂਤੀ ਸਥਾਪਤ ਕਰਨ ਵਿਚ ਸਫਲ ਰਹੇ।’’
ਟੈਕਸ ਵਿਵਾਦ ਹੱਲ ਹੋਣ ਤੱਕ ਭਾਰਤ ਨਾਲ ਵਪਾਰਕ ਗੱਲਬਾਤ ਨਹੀਂ ਹੋਵੇਗੀ : ਟਰੰਪ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਟੈਕਸ ਵਿਵਾਦ ਦਾ ਹੱਲ ਹੋਣ ਤੱਕ ਭਾਰਤ ਨਾਲ ਕੋਈ ਵਪਾਰਕ ਗੱਲਬਾਤ ਨਹੀਂ ਹੋਵੇਗੀ। ਇਹ ਬਿਆਨ ਉਨ੍ਹਾ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਦਰਾਮਦਾਂ ’ਤੇ ਟੈਕਸ ਦੁੱਗਣੇ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਹੈ।
ਜਦੋਂ ਓਵਲ ਆਫਿਸ ਵਿੱਚ ਖਬਰ ਏਜੰਸੀ ਏ ਐੱਨ ਆਈ ਵੱਲੋਂ ਇਹ ਪੁੱਛਿਆ ਗਿਆ ਕਿ ਕੀ ਉਹ 50 ਫੀਸਦੀ ਦੇ ਨਵੇਂ ਟੈਕਸ ਦੇ ਮੱਦੇਨਜ਼ਰ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਕਰਦੇ ਹਨ, ਤਾਂ ਉਨ੍ਹਾ ਜਵਾਬ ਦਿੱਤਾ, ‘‘ਨਹੀਂ, ਜਦੋਂ ਤੱਕ ਅਸੀਂ ਇਸ ਨੂੰ ਹੱਲ ਨਹੀਂ ਕਰ ਲੈਂਦੇ।’’




