ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਨੂੰ ‘ਸੰਸਥਾਗਤ ਚੋਰੀ’ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਗਰੀਬਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਖੋਹਣ ਦੇ ਉਦੇਸ਼ ਨਾਲ ਇਸ ‘ਚੋਰੀ’ ਨੂੰ ਅੰਜਾਮ ਦੇਣ ਲਈ ਭਾਜਪਾ ਨਾਲ ‘ਸ਼ਰ੍ਹੇਆਮ ਮਿਲੀਭੁਗਤ’ ਕਰ ਰਿਹਾ ਹੈ। ਉਨ੍ਹਾ ਇਹ ਦੋਸ਼ ਆਪਣੇ ਯੂਟਿਊਬ ਚੈਨਲ ’ਤੇ ਜਾਰੀ ਇੱਕ ਵੀਡੀਓ ਵਿੱਚ ਲਗਾਇਆ ਹੈ, ਜਿਸ ਵਿੱਚ ਉਨ੍ਹਾ ਇਹ ਵੀ ਦਾਅਵਾ ਕੀਤਾ ਹੈ ਕਿ ਬਿਹਾਰ ਵਿੱਚ ਐੱਸ ਆਈ ਆਰ ਲਿਆਂਦਾ ਗਿਆ ਹੈ ਕਿਉਂਕਿ ਚੋਣ ਕਮਿਸ਼ਨ ਜਾਣਦਾ ਹੈ ਕਿ ‘ਅਸੀਂ ਉਨ੍ਹਾਂ ਦੀ ਚੋਰੀ ਫੜ ਲਈ ਹੈ’। ਉਨ੍ਹਾ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਅਤੇ ਭਾਜਪਾ ‘ਵੋਟਾਂ ਦੀ ਚੋਰੀ’ ਲਈ ‘ਮਿਲੀਭੁਗਤ’ ਕਰ ਰਹੇ ਹਨ।
ਰਾਹੁਲ ਗਾਂਧੀ ਨੇ ਵੋਟਰ ਸੂਚੀਆਂ ਵਿਚ ਕਥਿਤ ਹੇਰਾਫੇਰੀ ਦੇ ਮੁੱਦੇ ’ਤੇ ਸ਼ੁੱਕਰਵਾਰ ਦਾਅਵਾ ਕੀਤਾ ਕਿ ਜੇ ਚੋਣ ਕਮਿਸ਼ਨ ਇਲੈਕਟ੍ਰਾਨਿਕ ਡੇਟਾ ਮੁਹੱਈਆ ਕਰਵਾ ਦੇਵੇ ਤਾਂ ਕਾਂਗਰਸ ਇਹ ਸਾਬਤ ਕਰ ਦੇੇਵੇਗੀ ਨਰਿੰਦਰ ਮੋਦੀ ‘ਵੋਟ ਚੋਰੀ’ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਆਪਣੇ ਦੋਸ਼ਾਂ ’ਤੇ ਚੋਣ ਕਮਿਸ਼ਨ ਵੱਲੋਂ ਉਨ੍ਹਾ ਤੋਂ ਸਹੁੰ ਚੁੱਕ ਕੇ ਹਲਫਨਾਮਾ ਮੰਗਣ ਦੀ ਆਲੋਚਨਾ ਕੀਤੀ। ਉਨ੍ਹਾ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਅਤੇ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀਆਂ ਵੋਟਾਂ ਚੋਰੀ ਕਰਨ ਲਈ ਕਥਿਤ ਮਿਲੀਭੁਗਤ ਕੀਤੀ। ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਮੈਨੂੰ ਸਹੁੰ ਚੁੱਕ ਕੇ ਜਾਣਕਾਰੀ ਦੇਣ ਲਈ ਕਹਿੰਦਾ ਹੈ। ਮੈਂ ਸੰਸਦ ਦੇ ਅੰਦਰ ਸੰਵਿਧਾਨ ਨੂੰ ਫੜ ਕੇ ਸਹੁੰ ਚੁੱਕੀ ਹੈ।’’ ਉਨ੍ਹਾ ਦੋਸ਼ ਲਗਾਇਆ ਕਿ ਅੱਜ ਜਦੋਂ ਲੋਕ ਉਨ੍ਹਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ ਚੋਣ ਕਮਿਸ਼ਨ ਉੱਤੇ ਸਵਾਲ ਉਠਾ ਰਹੇ ਹਨ, ਤਾਂ ਚੋਣ ਕਮਿਸ਼ਨ ਨੇ ਆਪਣੀ ਵੈੱਬਸਾਈਟ ਹੀ ਬੰਦ ਕਰ ਦਿੱਤੀ ਹੈ। ਰਾਹੁਲ ਨੇ ਦੋਸ਼ ਲਗਾਇਆ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਵਿੱਚ ਚੋਣ ਕਮਿਸ਼ਨ ਦੀਆਂ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਉਹ ਜਾਣਦੇ ਸਨ ਕਿ ਜੇ ਲੋਕਾਂ ਨੇ ਅੰਕੜਿਆਂ ਦੇ ਆਧਾਰ ’ਤੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤਾਂ ਉਨ੍ਹਾਂ ਦਾ ਪੂਰਾ ਢਾਂਚਾ ਢਹਿ ਜਾਵੇਗਾ।
ਰਾਹੁਲ ਗਾਂਧੀ ਨੇ ਬੇਂਗਲੁਰੂ ਦੇ ਫਰੀਡਮ ਪਾਰਕ ਵਿਚ ‘ਵੋਟ ਅਧਿਕਾਰ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟ ਚੋਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਇੱਕ ਦਿਨ ਫੜਿਆ ਜਾਵੇਗਾ ਕਿਉਂਕਿ ਇਹ ਅਪਰਾਧਕ ਕਾਰਵਾਈ ਹੈ। ਉਨ੍ਹਾ ਕਿਹਾ ਕਿ ਕਰਨਾਟਕ ਸਰਕਾਰ ਨੂੰ ਇਸ ਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ, ‘‘ਸੰਵਿਧਾਨ ਹਰੇਕ ਨਾਗਰਿਕ ਨੂੰ ਇੱਕ ਵੋਟ ਦਾ ਅਧਿਕਾਰ ਦਿੰਦਾ ਹੈ, ਜਿਸ ’ਤੇ ਚੋਣ ਕਮਿਸ਼ਨ ਤੇ ਉਸ ਦੇ ਅਧਿਕਾਰੀ ਹਮਲਾ ਕਰ ਰਹੇ ਹਨ। ਜੋ ਅਧਿਕਾਰੀ ਅਜਿਹਾ ਕਰ ਰਹੇ ਹਨ, ਉਹ ਨਹੀਂ ਬਚਣਗੇ। ਸਮਾਂ ਲੱਗੇਗਾ, ਪਰ ਅਸੀਂ ਉਨ੍ਹਾਂ ਨੂੰ ਫੜਾਂਗੇ।’’ ਇਸੇ ਦੌਰਾਨ ਕਾਂਗਰਸੀ ਸੰਸਦ ਮੈਂਬਰ ਥਰੂਰ ਨੇ ਲਿਖਿਆ, ‘‘ਇਹ ਗੰਭੀਰ ਸਵਾਲ ਹਨ, ਜਿਨ੍ਹਾਂ ਨੂੰ ਸਾਰੀਆਂ ਪਾਰਟੀਆਂ ਅਤੇ ਸਾਰੇ ਵੋਟਰਾਂ ਦੇ ਹਿੱਤਾਂ ਵਿੱਚ ਗੰਭੀਰਤਾ ਨਾਲ ਸੰਬੋਧਤ ਕੀਤਾ ਜਾਣਾ ਚਾਹੀਦਾ ਹੈ। ਸਾਡੀ ਲੋਕਤੰਤਰ ਦੀ ਭਰੋਸੇਯੋਗਤਾ ਨੂੰ ਅਯੋਗਤਾ, ਲਾਪਰਵਾਹੀ ਜਾਂ ਇਸ ਤੋਂ ਵੀ ਮਾੜੇ, ਜਾਣਬੁੱਝ ਕੇ ਕੀਤੀ ਗਈ ਛੇੜਛਾੜ ਨਾਲ ਨਸ਼ਟ ਹੋਣ ਦੇਣਾ ਬਹੁਤ ਕੀਮਤੀ ਹੈ। ਚੋਣ ਕਮਿਸ਼ਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਚੋਣ ਕਮਿਸ਼ਨ ਦੇ ਤਰਜਮਾਨ ਨੂੰ ਦੇਸ਼ ਨੂੰ ਸੂਚਿਤ ਕਰਦੇ ਰਹਿਣਾ ਚਾਹੀਦਾ ਹੈ।’’ ਥਰੂਰ ਦਾ ਆਪਣੇ ਨੇਤਾ ਰਾਹੁਲ ਗਾਂਧੀ ਨੂੰ ਸਮਰਥਨ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਸੀਨੀਅਰ ਕਾਂਗਰਸ ਨੇਤਾ ਉਦੋਂ ਤੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਮੱਤਭੇਦ ਰੱਖਦੇ ਹਨ ਜਦੋਂ ਸਰਕਾਰ ਵੱਲੋਂ ਉਨ੍ਹਾ ਨੂੰ ਅਪਰੇਸ਼ਨ ਸਿੰਧੂਰ ਬਾਰੇ ਸਰਬ-ਪਾਰਟੀ ਵਫਦ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਥਰੂਰ ਨੇ ਭਾਰਤ-ਪਾਕਿਸਤਾਨ ਸੰਘਰਸ਼ ਅਤੇ ਕੂਟਨੀਤਕ ਪਹੁੰਚ ’ਤੇ ਟਿੱਪਣੀਆਂ ਕੀਤੀਆਂ, ਜੋ ਕਾਂਗਰਸ ਦੇ ਰੁਖ ਤੋਂ ਵੱਖ ਹਨ।



