ਚੰਡੀਗੜ੍ਹ : ਸੀ ਪੀ ਆਈ ਦਾ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ, ਪੰਜਾਬ ਵਿਚ ਹੋਣ ਵਾਲਾ 25ਵਾਂ ਮਹਾਂ-ਸੰਮੇਲਨ ਕੌਮਾਂਤਰੀ, ਕੌਮੀ ਅਤੇ ਪੰਜਾਬ ਦੇ ਗੰਭੀਰ ਮਾਮਲਿਆਂ ਨੂੰ ਵਿਚਾਰੇਗਾ ਅਤੇ ਗੰਭੀਰ ਪ੍ਰਸਥਿਤੀ ’ਚੋਂ ਨਿਕਲਣ ਲਈ ਅਜੋਕੀ ਹਾਲਤ ਮੁਤਾਬਕ ਰਸਤਾ ਉਲੀਕੇਗਾ।
ਇਹ ਵਿਚਾਰ ਸ਼ੁੱਕਰਵਾਰ ਇੱਥੇ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ 36-ਬੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ, ਜੋ ਇਸ ਮਹਾਂ-ਸੰਮੇਲਨ ਦੀ ਤਿਆਰੀ ਲਈ ਬਣੀ ਸੁਆਗਤੀ ਕਮੇਟੀ ਦੇ ਜਨਰਲ ਸਕੱਤਰ ਹਨ, ਨੇ ਪ੍ਰਗਟ ਕੀਤੇ। ਉਹਨਾ ਕਿਹਾ ਕਿ ਅੱਜ ਭਾਰਤ ਵਿਚ ਜਮਹੂਰੀਅਤ, ਧਰਮ ਨਿਰਪੱਖਤਾ, ਸਮਾਜਿਕ ਨਿਆਂ, ਜਨਤਾ ਦੀ ਰੋਜ਼ੀ-ਰੋਟੀ, ਇਸ ਤੋਂ ਵੀ ਵੱਧ ਖੁਦ ਸੰਵਿਧਾਨ ਦੇ ਬੁਨਿਆਦੀ ਤੱਤਾਂ ਲਈ ਗੰਭੀਰ ਖਤਰੇ ਦਰਪੇਸ਼ ਹਨ। ਭਾਜਪਾ-ਆਰ ਐੱਸ ਐੱਸ ਦੀ ਸਰਕਾਰ ਧਰਮ-ਤੰਤਰੀ ਰਾਜ ਬਣਾਉਣ ਦੇ ਰਸਤੇ ਉਤੇ ਹਮਲਾਵਰ ਤਰੀਕੇ ਨਾਲ ਚੱਲ ਰਹੀ ਹੈ। ਧਰਮ ਨਿਰਪੱਖਤਾ, ਜਮਹੂਰੀ ਸੰਸਥਾਨਾਂ ਅਤੇ ਸੰਘਵਾਦ (ਫੈਡਰਲ ਢਾਂਚੇ) ਦੀਆਂ ਜੜ੍ਹਾਂ ਖੋਦ ਰਹੀ ਹੈ, ਘੱਟ ਗਿਣਤੀਆਂ ਦੇ ਹੱਕਾਂ ਉਤੇ ਯੋਜਨਾਬੱਧ ਹਮਲੇ ਹੋ ਰਹੇ ਹਨ ਅਤੇ ਨਿਆਂ ਪਾਲਿਕਾ, ਚੋਣ ਕਮਿਸ਼ਨ ਅਤੇ ਜਾਂਚ ਏਜੰਸੀਆਂ ਦੀ ਸੁਤੰਤਰਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ। ਭਾਜਪਾ-ਆਰ ਐੱਸ ਐੱਸ ਹਕੂਮਤ ਭਾਰਤ ਨੂੰ ਕਾਰਪੋਰੇਟ ਨਿਅੰਤਿ੍ਰਤ ਫਾਸ਼ੀ ਰਿਆਸਤ ਵੱਲ ਧੱਕ ਰਹੀ ਹੈ।
ਉਹਨਾ ਕਿਹਾ ਕਿ ਅੱਜ ਖਾਸ ਕਰਕੇ ਪੰਜਾਬ ਨਾਲ ਕੇਂਦਰ ਵੱਲੋਂ ਅਨਿਆਂਪੂਰਨ ਤੇ ਧੱਕੇਸ਼ਾਹੀ ਵਾਲਾ ਵਤੀਰਾ ਅਪਣਾਇਆ ਜਾ ਰਿਹਾ ਹੈ ਅਤੇ ਫੈਡਰਲ ਢਾਂਚੇ ਉਤੇ ਹਮਲਾ ਕਰਦਿਆਂ ਪੰਜਾਬ ਅਤੇ ਪੰਜਾਬੀ ਦੀਆਂ ਸੰਸਥਾਵਾਂ ਨੂੰ ਜਾਣ-ਬੁੱਝ ਕੇ ਢਾਹ ਲਾਈ ਜਾ ਰਹੀ ਹੈ।
ਇਸ ਪਿਛੋਕੜ ਵਿਚ ਸੀ ਪੀ ਆਈ ਦਾ 25ਵਾਂ ਮਹਾਂ-ਸੰਮੇਲਨ 21 ਤੋਂ 25 ਸਤੰਬਰ ਚੰਡੀਗੜ੍ਹ, ਪੰਜਾਬ ਵਿਚ ਹੋ ਰਿਹਾ ਹੈ। ਪੰਜਾਬ ਵਿਚ ਪਹਿਲਾਂ ਵੀ 1958 (6ਵਾਂ), 1978 (11ਵਾਂ) ਅਤੇ 2005 (19ਵਾਂ) ਵਿੱਚ ਮਹਾਂ-ਸੰਮੇਲਨ ਹੋ ਚੁੱਕੇ ਹਨ। ਸੀ ਪੀ ਆਈ ਦਾ 25ਵਾਂ ਮਹਾਂ-ਸੰਮੇਲਨ ਪਾਰਟੀ ਦੇ ਜਨਮ ਸ਼ਤਾਬਦੀ ਵਾਲੇ ਵਰ੍ਹੇ ਵਿਚ ਹੋ ਰਿਹਾ ਹੈ। ਇਹ ਸੌ ਸਾਲ ਸੰਘਰਸ਼ਾਂ ਅਤੇ ਕੁਰਬਾਨੀਆਂ ਦੇ ਸ਼ਾਨਾਮੱਤੇ ਵਰ੍ਹੇ ਹਨ। ਇਹ ਸ਼ਤਾਬਦੀ ਸਿਰਫ ਬੀਤੇ ਉਤੇ ਸਮਾਗਮ ਤੇ ਜਸ਼ਨ ਕਰਨ ਦੀ ਨਹੀਂ, ਸਗੋਂ ਭਵਿੱਖ ਵਿਚ ਜ਼ੋਰਦਾਰ ਸਰਗਰਮੀਆਂ ਕਰਨ ਦਾ ਸੱਦਾ ਵੀ ਹੈ। ਪਹਿਲੇ ਦਿਨ 21 ਸਤੰਬਰ ਨੂੰ ਮੋਹਾਲੀ 11 ਫੇਜ਼, ਦਾਣਾ ਮੰਡੀ ਵਿਚ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਨੂੰ ਕੌਮੀ ਅਤੇ ਸੂਬਾਈ ਆਗੂ ਸੰਬੋਧਨ ਕਰਨਗੇ।
ਮਹਾਂ-ਸੰਮੇਲਨ ਵਿਚ ਦੇਸ਼ ਭਰ ਵਿਚੋਂ 800 ਤੋਂ ਵੱਧ ਡੈਲੀਗੇਟ ਦੇਸ਼ ਦੀ ਗੰਭੀਰ ਪ੍ਰਸਥਿਤੀ ਉਤੇ ਵਿਚਾਰ ਕਰਨਗੇ ਅਤੇ ਨਿਆਂਪੂਰਨ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਅਤੇ ਇਸ ਵਾਸਤੇ ਮਜ਼ਬੂਤ ਪਾਰਟੀ ਉਸਾਰਨ ਲਈ ਸੰਘਰਸ਼ਮਈ ਰਸਤਾ ਉਲੀਕਣਗੇ। ਕਮਿਊਨਿਸਟ ਏਕਤਾ, ਖੱਬੀ ਜਮਹੂਰੀ ਏਕਤਾ ਅਤੇ ਫਾਸ਼ੀਵਾਦ ਵਿਰੋਧੀ ਵਿਸ਼ਾਲ ਏਕਤਾ ਲਈ ਕੰਮ ਕੀਤਾ ਜਾਵੇਗਾ। ਕਮਿਊਨਿਸਟ ਏਕਤਾ ਦੀਆਂ ਸੰਭਾਵਨਾਵਾਂ ਬਾਰੇ ਇਕ ਪ੍ਰਸ਼ਨ ਦਾ ਜਵਾਬ ਦਿੰਦਿਆਂ ਸਾਥੀ ਬਰਾੜ ਨੇ ਕਿਹਾ ਕਿ ਕਮਿਊਨਿਸਟਾਂ ਦੀਆਂ ਅਨੇਕਾਂ ਪਾਰਟੀਆਂ ਹੋਣਾ ਮੰਦਭਾਗੀ ਗੱਲ ਹੈ, ਸ਼ੁਭ ਸ਼ਗਨ ਇਹ ਹੈ ਕਿ ਇਹ ਪਾਰਟੀਆਂ ਮੁੱਖ ਸਵਾਲਾਂ ’ਤੇ ਖੱਬੀ ਏਕਤਾ ਬਣਾ ਕੇ ਚਲਦੀਆਂ ਹਨ ਤੇ ਇਹ ਏਕਤਾ ਕਮਿਊਨਿਸਟ ਏਕਤਾ ਦੀਆਂ ਕੋਸ਼ਿਸ਼ਾਂ ਲਈ ਪਹਿਲੀ ਸ਼ਰਤ ਹੈ। ਉਹਨਾ ਦੱਸਿਆ ਕਿ ਮਹਾਂ-ਸੰਮੇਲਨ ਦੇ ਉਦਘਾਟਨੀ ਅਜਲਾਸ ਨੂੰ ਮੁਲਕ ਦੀਆਂ ਖੱਬੀਆਂ ਪਾਰਟੀਆਂ ਦੇ ਮੁੱਖ ਕੌਮੀ ਆਗੂ ਮੁਖਾਤਬ ਹੋਣਗੇ, ਜਿਹਨਾਂ ਵਿਚ ਸੀ ਪੀ ਆਈ, ਸੀ ਪੀ ਐੱਮ, ਸੀ ਪੀ ਐੱਮ ਐੱਲ, ਆਰ ਐੱਸ ਪੀ, ਫਾਰਵਰਡ ਬਲਾਕ ਤੇ ਹੋਰ ਵੀ ਸ਼ਾਮਲ ਹਨ।
ਮਹਾਂ-ਸੰਮੇਲਨ ਦੇ ਪ੍ਰਬੰਧ ਲਈ ਤਿਆਰੀਆਂ ਅਤੇ ਵੱਡੇ ਖਰਚੇ ਬਾਰੇ ਇਕ ਸਵਾਲ ਦਾ ਉਤਰ ਦਿੰਦਿਆਂ ਸਾਥੀ ਬਰਾੜ ਨੇ ਉਤਸ਼ਾਹ ਨਾਲ ਦੱਸਿਆ ਕਿ ਅੰਦਾਜ਼ਨ ਡੇਢ ਕਰੋੜ ਦੇ ਖਰਚੇ ਲਈ ਪਾਰਟੀ ਆਗੂਆਂ, ਸਾਥੀਆਂ ਤੇ ਹਮਦਰਦਾਂ ਨੇ ਇਕ ਕਰੋੜ ਫੰਡ ਇਕੱਠਾ ਕਰ ਵੀ ਲਿਆ ਹੈ, ਜਿਸ ਵਿਚ ਕਿਸੇ ਬੁਰਜੂਆ ਤੇ ਕੁਰੱਪਟ ਆਗੂ ਜਾਂ ਵਿਅਕਤੀਆਂ ਤੋਂ ਕੋਈ ਫੰਡ ਨਹੀਂ ਲਿਆ ਗਿਆ। ਲੈਂਡ ਪੂ�ਿਗ ਬਾਰੇ ਸਵਾਲ ਦੇ ਉਤਰ ਵਿਚ ਉਨ੍ਹਾ ਕਿਹਾ ਕਿ ਇਹ ਕਿਸਾਨਾਂ ਦੀ ਜ਼ਮੀਨ ਖੋਹ ਕੇ ਬਿਲਡਰਾਂ ਤੇ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਆਪ ਸਰਕਾਰ ਦੀ ਚਾਲ ਹੈ, ਜਿਸ ਨੂੰ ਦਿੱਲੀ ਵਿਚੋਂ ਹਾਰ ਕੇ ਆਏ ਹੋਏ ਆਗੂ ਚਲਾ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਸਿਰ ਅਥਾਹ ਖਰਚਾ ਪਾ ਰਹੇ ਹਨ।
ਪੱਤਰਕਾਰ ਦੇ ਸਵਾਲ ਦੇ ਜਵਾਬ ’ਚ ਸਾਥੀ ਬਰਾੜ ਨੇ ਦੱਸਿਆ ਕਿ ਮਹਾਂ-ਸੰਮੇਲਨ ਵਿੱਚ ਅਮਰਜੀਤ ਕੌਰ, ਐਨੀ ਰਾਜਾ, ਨਿਸ਼ਾ ਸੂਦ, ਨਰਿੰਦਰ ਸੋਹਲ ਆਦਿ ਇਸਤਰੀ ਆਗੂ ਸ਼ਾਮਲ ਹੋਣਗੇ।
ਉਨ੍ਹਾ ਕਿਹਾ ਕਿ ਹਰ ਰਾਜ ਵਿਚੋਂ ਇਸਤਰੀ ਡੈਲੀਗੇਟ ਆਉਣਗੇ। ਉਹਨਾ ਨਾਲ ਪ੍ਰੈੱਸ ਕਾਨਫਰੰਸ ’ਚ ਸੂਬਾ ਕਾਰਜਕਾਰਨੀ ਮੈਂਬਰ ਗੁਰਨਾਮ ਕੰਵਰ ਅਤੇ ਮਹਿੰਦਰਪਾਲ ਵੀ ਮੌਜੂਦ ਸਨ।





