ਮੈਨੂੰ ਤੇ ਰਾਹੁਲ ਨੂੰ 160 ਸੀਟਾਂ ਦੀ ਗਰੰਟੀ ਦੇਣ ਵਾਲੇ ਮਿਲੇ ਸਨ : ਪਵਾਰ

0
98

ਨਾਗਪੁਰ : ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਸ ਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਸਨਿੱਚਰਵਾਰ ਕਿਹਾ ਕਿ ਮਹਾਰਾਸ਼ਟਰ ਅਸੈਂਬਲੀ ਚੋਣਾਂ ਤੋਂ ਪਹਿ੍ਲਾਂ ਦੋ ਜਣਿਆਂ ਨੇ ਉਨ੍ਹਾ ਨਾਲ ਮੁਲਾਕਾਤ ਕਰਕੇ ਦਾਅਵਾ ਕੀਤਾ ਸੀ ਕਿ ਉਹ ਉਨ੍ਹਾ ਨੂੰ 288 ਵਿੱਚੋਂ 160 ਸੀਟਾਂ ਜਿਤਵਾਉਣ ਦੀ ਗਰੰਟੀ ਦੇ ਸਕਦੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ ਕਿ ਉਨ੍ਹਾ ਇਨ੍ਹਾਂ ਬੰਦਿਆਂ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਕਰਵਾਈ, ਪਰ ਓੜਕ ਦੋਹਾਂ ਨੇ ਇਹ ਕਹਿ ਕੇ ਉਨ੍ਹਾਂ ਦੀ ਪੇਸ਼ਕਸ਼ ਰੱਦ ਕਰ ਦਿੱਤੀ, ਕਿਉਕਿ ‘ਇਹ ਸਾਡਾ ਰਾਹ ਨਹੀਂ।’
ਪਵਾਰ ਨੇ ਅੱਗੇ ਕਿਹਾ, ‘ਅਸੀਂ ਉਦੋਂ ਬਣਦਾ ਧਿਆਨ ਨਹੀਂ ਦਿੱਤਾ, ਪਰ ਮੈਨੂੰ ਚੇਤਾ ਹੈ ਕਿ ਅਸੈਂਬਲੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਦੋ ਜਣੇ ਮੈਨੂੰ ਦਿੱਲੀ ਵਿੱਚ ਮਿਲਣ ਆਏ ਸਨ। ਉਨ੍ਹਾਂ ਮੈਨੂੰ ਦੱਸਿਆ ਕਿ ਮਹਾਰਾਸ਼ਟਰ ਵਿੱਚ 288 ਸੀਟਾਂ ਹਨ ਅਤੇ ਉਹ ਇਨ੍ਹਾਂ ਵਿੱਚੋਂ 160 ਸੀਟਾਂ ਜਿਤਵਾਉਣ ਦੀ ਗਰੰਟੀ ਦਿੰਦੇ ਹਨ। ਮੈਂ ਹੈਰਾਨ ਹੋਇਆ। ਸਾਫ ਕਹਾਂ, ਹਾਲਾਂਕਿ ਉਨ੍ਹਾਂ ਗਰੰਟੀ ਦਾ ਦਾਅਵਾ ਕੀਤਾ, ਮੈਨੂੰ ਚੋਣ ਕਮਿਸ਼ਨ ’ਤੇ ਕੋਈ ਸ਼ੱਕ ਨਹੀਂ ਸੀ। ਅਜਿਹੇ ਲੋਕ ਮਿਲ ਜਾਂਦੇ ਹਨ, ਪਰ ਮੈਂ ਨਜ਼ਰਅੰਦਾਜ਼ ਕਰ ਦਿੱਤਾ। ਮੈਂ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ। ਉਨ੍ਹਾਂ ਰਾਹੁਲ ਨਾਲ ਗੱਲ ਕੀਤੀ, ਪਰ ਓੜਕ ਅਸੀਂ ਦੋਹਾਂ ਨੇ ਮਹਿਸੂਸ ਕੀਤਾ ਕਿ ਅਜਿਹੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ। ਇਹ ਸਾਡਾ ਰਾਹ ਨਹੀਂ। ਅਸੀਂ ਲੋਕਾਂ ਕੋਲ ਜਾ ਕੇ ਉਨ੍ਹਾਂ ਦੀ ਹਮਾਇਤ ਮੰਗਾਂਗੇ।’
ਪਵਾਰ ਨੇ ਪਿਛਲੇ ਦਿਨੀਂ ਚੋਣ ਘਪਲਾ ਉਜਾਗਰ ਕਰਨ ’ਤੇ ਰਾਹੁਲ ਦੀ ਹਮਾਇਤ ਕਰਦਿਆਂ ਕਿਹਾ ਕਿ ਜਵਾਬ ਚੋਣ ਕਮਿਸ਼ਨ ਨੂੰ ਦੇਣਾ ਚਾਹੀਦਾ ਹੈ, ਭਾਜਪਾ ਦੇ ਮੁੱਖ ਮੰਤਰੀ ਤੇ ਆਗੂ ਉਸ ਵੱਲੋਂ ਜਵਾਬ ਦੇ ਰਹੇ ਹਨ।