ਚੋਣ ਕਮਿਸ਼ਨ ਰਾਹੁਲ ਦੇ ਦੋਸ਼ਾਂ ਦੀ ਖੁਦ ਜਾਂਚ ਕਰੇ, ਸ਼ਿਕਾਇਤ ਨਾ ਉਡੀਕੇ : ਸਾਬਕਾ ਮੁੱਖ ਚੋਣ ਕਮਿਸ਼ਨਰ

0
126

ਨਵੀਂ ਦਿੱਲੀ : ਸਾਬਕਾ ਮੁੱਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਰਾਹੁਲ ਗਾਂਧੀ ਵੱਲੋਂ ਬੇਂਗਲੁਰੂ ਵਿੱਚ ਬੋਗਸ ਵੋਟਰ ਬਣਾਉਣ ਦੇ ਲਾਏ ਦੋਸ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ, ਲਿਖਤੀ ਸ਼ਿਕਾਇਤ ਦੀ ਉਡੀਕ ਨਹੀਂ ਕਰਨੀ ਚਾਹੀਦੀ। ਰਾਵਤ ਨੇ ਸਰਕਰਦਾ ਅੰਗਰੇਜ਼ੀ ਅਖਬਾਰ ‘ਦੀ ਟੈਲੀਗ੍ਰਾਫ’ ਨਾਲ ਗੱਲਬਾਤ ਕਰਦਿਆਂ ਕਿਹਾ, ‘ਜਦੋਂ ਮੈਂ ਚੋਣ ਕਮਿਸ਼ਨ ਵਿੱਚ ਸੀ ਤਾਂ ਸਾਡੀ ਨੀਤੀ ਸੀ ਕਿ ਜਦੋਂ ਵੀ ਕੋਈ ਸੀਨੀਅਰ ਪਾਰਟੀ ਆਗੂ ਦੋਸ਼ ਲਾਉਂਦਾ ਸੀ ਤਾਂ ਉਸ ਦੀ ਆਪ ਹੀ ਜਾਂਚ ਕਰਕੇ ਲੋਕਾਂ ਅੱਗੇ ਤੱਥ ਰੱਖਦੇ ਸੀ, ਤਾਂ ਜੋ ਉਨ੍ਹਾਂ ਦਾ ਸਿਸਟਮ ਵਿੱਚ ਭਰੋਸਾ ਕਾਇਮ ਰਹੇ। ਅਸੀਂ ਪਾਰਟੀਆਂ ਨੂੰ ਕਦੇ ਨਹੀਂ ਕਿਹਾ ਕਿ ਸ਼ਿਕਾਇਤ ਕਰੋਗੇ ਤਾਂ ਜਾਂਚ ਕਰਾਂਗੇ।’ ਰਾਹੁਲ ਨੇ ਵੀਰਵਾਰ ਦੋਸ਼ ਲਾਇਆ ਸੀ ਕਿ ਬੇਂਗਲੁਰੂ ਕੇਂਦਰੀ ਲੋਕ ਸਭਾ ਹਲਕੇ ’ਚ ਪੈਂਦੇ ਮਹਾਂਦੇਵਪੁਰਾ ਅਸੈਂਬਲੀ ਹਲਕੇ ’ਚ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਇੱਕ ਲੱਖ ਤੋਂ ਵੱਧ ਬੋਗਸ ਵੋਟਰ ਬਣਾਏ ਗਏ। ਇੱਕ ਵੋਟਰ ਤਾਂ ਦੋ ਬੂਥਾਂ ’ਤੇ ਰਜਿਸਟਰਡ ਸੀ ਤੇ ਉਸ ਨੇ ਦੋਹੀਂ ਥਾਈਂ ਵੋਟ ਪਾਈ। ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਹਲਫਨਾਮਾ ਦੇ ਕੇ ਸ਼ਿਕਾਇਤ ਕਰਨ ਜਾਂ ਫਿਰ ਦੇਸ਼ ਤੋਂ ਮੁਆਫੀ ਮੰਗਣ। ਰਾਹੁਲ ਦੀ ਸੀ ਪੀ ਆਈ ਸਾਂਸਦ ਪੀ ਸੰਦੋਸ਼ ਕੁਮਾਰ, ਸ਼ਿਵ ਸੈਨਾ (ਯੂ ਬੀ ਟੀ) ਦੇ ਵਿਧਾਇਕ ਦਲ ਦੇ ਆਗੂ ਆਦਿਤਿਆ ਠਾਕਰੇ, ਰਾਜ ਸਭਾ ਮੈਂਬਰ ਕਪਿਲ ਸਿੱਬਲ ਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਹਮਾਇਤ ਕੀਤੀ ਹੈ। ਸਿੱਬਲ ਨੇ ਕਿਹਾ ਕਿ ਚੋਣ ਕਮਿਸ਼ਨ ਸਰਕਾਰੀ ਏਜੰਟ ਹੈ ਤੇ ਰਾਹੁਲ ਸੱਚਾ ਦੇਸ਼ ਭਗਤ।