ਮੰਡ ਬਾਊਪੁਰ ਜਦੀਦ ਨੇੜੇ ਅਡਵਾਂਸ ਬੰਨ੍ਹ ਟੁੱਟਾ, 16 ਪਿੰਡ ਹੜ੍ਹ ਦੀ ਲਪੇਟ ’ਚ

0
190

ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ)
ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਇੱਕਦਮ ਵਧ ਜਾਣ ਕਾਰਨ ਸੋਮਵਾਰ ਸਵੇਰੇ ਮੰਡ ਬਾਊਪੁਰ ਜਦੀਦ ਨਜ਼ਦੀਕ ਪਿੰਡ ਭੈਣੀ ਬਹਾਦਰ ’ਤੇ ਆਰਜ਼ੀ ਬੰਨ੍ਹ ਟੁੱਟ ਗਿਆ, ਜਿਸ ਨਾਲ ਮੰਡ ਖੇਤਰ ਦੇ ਕਰੀਬ 16 ਪਿੰਡਾਂ ਬਾਊਪੁਰ, ਸਾਗਰਾਂ, ਭੈਣੀ ਬਹਾਦਰ, ਭੈਣੀ ਕਾਦਰ ਬਖਸ਼, ਰਾਮਪੁਰ ਗੋਰੇ, ਮਹੰਮਦਾਬਾਦ, ਮੰਡ ਗੁਜਰਪੁਰ, ਬਾਊਪੁਰ ਕਦੀਮ ਆਦਿ ਕਈ ਪਿੰਡਾਂ ’ਚ ਝੋਨੇ ਦੀ ਹਜ਼ਾਰਾਂ ਏਕੜ ਫਸਲ ਡੁੱਬ ਗਈ। ਪਾਣੀ ਘਰਾਂ ਵਿੱਚ ਵੀ ਦਾਖਲ ਹੋ ਗਿਆ। ਪਿੰਡ ਵਾਸੀ ਸਮਾਨ ਚੁੱਕ ਕੇ ਸੁਰੱਖਿਅਤ ਥਾਂ ’ਤੇ ਜਾਣਾ ਸ਼ੁਰੂ ਹੋ ਗਏ। ਮੰਡ ਖੇਤਰ ਦੇ ਪ੍ਰਮੁੱਖ ਕਿਸਾਨ ਆਗੂ ਪਰਮਜੀਤ ਸਿੰਘ ਬਾਊਪਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਦਿਨ-ਰਾਤ ਇੱਕ ਕਰਕੇ ਬੰਨ੍ਹ ਦੇ ਉੱਪਰ ਖੁਦ ਮਿੱਟੀ ਪਾ ਕੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਅਖੀਰ ਕੁਦਰਤ ਦੇ ਅੱਗੇ ਬੇਵੱਸ ਹੋ ਗਏ ਅਤੇ ਪਾਣੀ ਦੇ ਤੇਜ਼ ਵਹਾਅ ਨੇ ਬੰਨ੍ਹ ਨੂੰ ਤੋੜ ਦਿੱਤਾ, ਜਿਸ ਕਾਰਨ ਪਾਣੀ ਤੇਜ਼ੀ ਨਾਲ ਪਿੰਡਾਂ ਤੇ ਝੋਨੇ ਦੀ ਫਸਲ ਵੱਲ ਵਹਿਣ ਲੱਗ ਪਿਆ। ਜਿਨ੍ਹਾਂ ਲੋਕਾਂ ਦੇ ਮਕਾਨ ਪਾਣੀ ਨਾਲ ਘਿਰ ਗਏ ਹਨ, ਉਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾ ਦੱਸਿਆ ਕਿ ਝੋਨੇ ਦੀ ਫਸਲ ਤੋਂ ਇਲਾਵਾ ਹਰਾ ਚਾਰਾ ਤੇ ਸਬਜ਼ੀਆਂ ਵੀ ਹੜ੍ਹ ਦੇ ਪਾਣੀ ਵਿੱਚ ਡੁੱਬ ਗਈਆਂ ਹਨ। ਉਨ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰੀਕੇ ਹੈੱਡ ਤੋਂ ਜਲਦ ਪਾਣੀ ਨੂੰ ਰਿਲੀਜ਼ ਕਰਵਾ ਕੇ ਮੰਡ ਖੇਤਰ ਦੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।
ਇਸ ਮੌਕੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਬਾਬਾ ਸੁੱਖਾ ਸਿੰਘ ਦੇ ਹੁਕਮਾਂ ’ਤੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਨੇ ਬਾਊਪੁਰ ਜਦੀਦ ਦੇ ਕੋਲ ਐਡਵਾਂਸ ਬੰਨ੍ਹ ਟੁੱਟਣ ਕਾਰਨ ਪੈਦਾ ਹੋਈ ਸਥਿਤੀ ਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆ ਦਿੱਤੀ ਹੈ। ਸੰਗਤਾਂ ਵੱਲੋਂ ਦਰੱਖਤਾਂ ਨੂੰ ਪੁੱਟ ਕੇ ਦਰਿਆ ਦੇ ਕੰਢਿਆਂ ’ਤੇ ਰੱਖਿਆ ਜਾ ਰਿਹਾ ਹੈ, ਤਾਂ ਕਿ ਪਾਣੀ ਦੀ ਮਾਰ ਹੇਠਾਂ ਹੋਰ ਫਸਲ ਨੂੰ ਬਚਾਇਆ ਜਾ ਸਕੇ। ਸਵੇਰੇ ਮੰਡ ਖੇਤਰ ਬਾਊਪੁਰ ਦੇ ਨਜ਼ਦੀਕ ਪਿੰਡ ਭੈਣੀ ਬਹਾਦਰ ਤੋਂ ਬੰਨ੍ਹ ਟੁੱਟਣ ਦੇ 16 ਪਿੰਡਾਂ ਵਿੱਚ ਪੈਦਾ ਹੋਈ ਹੜ੍ਹ ਵਰਗੀ ਸਥਿਤੀ ਦਾ ਜਾਇਜਾ ਲੈਣ ਲਈ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੁਰੰਤ ਮੌਕੇ ’ਤੇ ਪੁੱਜੇ। ਉਹਨਾ ਤੁਰੰਤ ਦੋ ਪੋਕ ਲੇਨ ਮਸ਼ੀਨਾਂ ਤੋਂ ਇਲਾਵਾ ਮਿੱਟੀ ਦੇ ਬੋਰੇ ਉਪਲੱਬਧ ਕਰਵਾ ਕੇ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਵਿਧਾਇਕ ਰਾਣਾ ਵੱਲੋਂ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਐੱਸ ਡੀ ਐੱਮ ਸੁਲਤਾਨਪੁਰ ਲੋਧੀ ਅਲਕਾ ਕਾਲੀਆ, ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਪੁੱਛਿਆ। ਉਹਨਾ ਤੁਰੰਤ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਨਾਲ ਵੀ ਫੋਨ ’ਤੇ ਗੱਲ ਕਰਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤੇ ਹਰੀਕੇ ਹੈੱਡ ਤੋਂ ਚੱਲ ਰਹੇ ਪਾਣੀ ਦੀ ਕਿਊਸਿਕ ਮਾਤਰਾ ਬਾਰੇ ਵੀ ਜਾਣਕਾਰੀ ਲਈ। ਉਹਨਾ ਡੀ ਸੀ ਕਪੂਰਥਲਾ ਨੂੰ ਹਰੀਕੇ ਹੈੱਡ ਤੋਂ ਸਮੇਂ-ਸਮੇਂ ’ਤੇ ਪਾਣੀ ਰਿਲੀਜ਼ ਕਰਨ ਲਈ ਵੀ ਕਿਹਾ। ਉਹਨਾ ਕਿਸਾਨਾਂ ਨੂੰ ਆਪਣੀ ਤਰਫੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾ ਨਾਲ ਸੁਖਜਿੰਦਰ ਸਿੰਘ ਲੋਧੀਵਾਲ, ਗੁਰਦੀਪ ਸਿੰਘ ਸ਼ਹੀਦ, ਕੁਲਦੀਪ ਸਿੰਘ ਸਾਗਰਾਂ ਸਰਪੰਚ, ਗੁਰਮੀਤ ਸਿੰਘ ਬਾਊਪੁਰ ਵੀ ਹਾਜ਼ਰ ਸਨ।ਮੰਡ ਬਾਊਪੁਰ ਜਦੀਦ ਨਜ਼ਦੀਕ ਅਡਵਾਂਸ ਬੰਨ੍ਹ ਟੁੱਟਣ ’ਤੇ ਪੈਦਾ ਹੋਈ ਹੜ੍ਹ ਦੀ ਸਥਿਤੀ ਬਾਰੇ ਮੌਕੇ ’ਤੇ ਜਾ ਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੰਡ ਬਾਊਪੁਰ ਦਾ ਦੌਰਾ ਕੀਤਾ। ਉਹਨਾ ਵੇਖਿਆ ਕਿ ਮੰਡ ਬਾਊਪੁਰ ਵਿਖੇ ਬੰਨ੍ਹ ਵਿੱਚ ਪਾੜ ਪੈਣ ਕਾਰਨ ਵੱਡੀ ਗਿਣਤੀ ਵਿੱਚ ਇਲਾਕਾ ਹੜ੍ਹ ਦੀ ਮਾਰ ਹੇਠਾਂ ਆ ਗਿਆ ਹੈ ਤੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਰਹੀ ਹੈ। ਉਹਨਾ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਹਰ ਮੁਸ਼ਕਲ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਹਨਾ ਨਾਲ ਕਿਸਾਨ ਆਗੂ ਅਮਰ ਸਿੰਘ ਮੰਡ, ਸੁਖ ਬੂਲੇ, ਨਰਿੰਦਰ ਪੰਨੂ ਬਲਾਕ ਪ੍ਰਧਾਨ, ਨਵ ਸੇਖੋਂ ਕੁਆਡੀਨੇਟਰ ਦੋਆਬਾ ਜ਼ੋਨ ਕਾਂਗਰਸ, ਗੁਰਮੇਜ ਸਿੰਘ ਪੰਚ, ਚਰਨਜੀਤ ਸ਼ਰਮਾ, ਬਖਸ਼ੀਸ਼ ਸਿੰਘ ਮੈਂਬਰ, ਮਾਸਟਰ ਗੁਰਮੀਤ ਸ਼ਾਹ, ਹਰਦੀਪ ਸਿੰਘ ਗੱਟੀ ਆਦਿ ਹਾਜ਼ਰ ਸਨ। ਮੰਡ ਖੇਤਰ ਦੇ ਕਿਸਾਨ ਆਗੂਆਂ ਨੰਬਰਦਾਰ ਕੁਲਦੀਪ ਸਿੰਘ ਸਾਂਗਰਾ, ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਆਰਜ਼ੀ ਬੰਨ੍ਹ ਨੂੰ ਬੰਦ ਕਰਨ ਲਈ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਵਿਧਾਇਕ ਰਾਣਾ ਵੱਲੋਂ ਭੇਜੀਆਂ ਦੋ ਪੋਕ ਲੈਂਡ ਮਸੀਨਾਂ ਨਾਲ ਰਿੰਗ ਬੰਨ੍ਹ ਬਣਾਇਆ ਜਾ ਰਿਹਾ ਹੈ, ਜੋ ਦੇਰ ਰਾਤ ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਪੋਕਲੈਂਡ ਮਸ਼ੀਨਾਂ ਹੋਰ ਆ ਰਹੀਆਂ ਹਨ। ਜੇਕਰ ਦੇਰ ਰਾਤ ਤੱਕ ਆਰਜ਼ੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਾ ਕਰ ਲਿਆ ਗਿਆ ਤਾਂ 16 ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਚ ਜਾਵੇਗੀ।