ਮੋਦੀ ਟਰੰਪ ਅੱਗੇ ਗੋਡੇ ਟੇਕਣੇ ਬੰਦ ਕਰੇ : ਹਰਦੇਵ ਅਰਸ਼ੀ

0
112

ਕੋਟਕਪੂਰਾ (ਰਛਪਾਲ ਭੁੱਲਰ)
ਜਦੋਂ ਦਾ ਟਰੰਪ ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ, ਉਹ ਵੱਖ-ਵੱਖ ਮੁੱਦਿਆਂ ’ਤੇ ਲਗਾਤਾਰ ਭਾਰਤ ਨੂੰ ਧਮਕਾਉਣ ਅਤੇ ਜ਼ਲੀਲ ਕਰਨ ਵਾਲੀਆਂ ਕਰਵਾਈਆਂ ਕਰ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਉਸ ਨੂੰ ਆਪਣਾ ਪਰਮ ਮਿੱਤਰ ਕਹਿਣ ਵਾਲੇ ਮੋਦੀ ਹੁਣ ਭਿੱਜੀ ਬਿੱਲੀ ਵਾਂਗ ਚੁੱਪ ਹਨ। ਇਹ ਸ਼ਬਦ ਮੰਗਲਵਾਰ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿੱਚ ਸੀ ਪੀ ਆਈ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੀ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਹੇ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਬੋਲਦੇ ਹੋਏ ਕਾਮਰੇਡ ਅਰਸ਼ੀ ਨੇ ਕਿਹਾ ਕਿ ਟਰੰਪ ਨੇ ਆਉਣ ਸਾਰ ‘ਗੈਰਕਾਨੂੰਨੀ ਪ੍ਰਵਾਸੀ’ ਕਹਿ ਕੇ ਸਾਡੇ ਨੌਜਵਾਨਾਂ ਨੂੰ ਬੇੜੀਆਂ ਵਿੱਚ ਜਕੜ ਕੇ ਅੰਮਿ੍ਰਤਸਰ ਭੇਜਿਆ, ਪਰ ਮੋਦੀ ਜੀ ਕੁਝ ਨਾ ਬੋਲੇ। ਫਿਰ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਉਣ ਦੇ ਕਈ ਵਾਰ ਬਿਆਨ ਦਿੱਤੇ, ਪਰ ਮੋਦੀ ਜੀ ਨੇ ਇਕ ਵਾਰ ਵੀ ਟਰੰਪ ਦਾ ਦਾਅਵਾ ਝੁਠਲਾਇਆ ਨਹੀਂ। ਹੁਣ ਰੂਸ ਤੋਂ ਸਸਤਾ ਤੇਲ ਖਰੀਦਣ ਤੋਂ ਚਿੜ੍ਹ ਕੇ ਟਰੰਪ ਨੇ ਭਾਰਤੀ ਵਸਤੂਆਂ ’ਤੇ 50 ਫ਼ੀਸਦੀ ਟੈਰਿਫ ਠੋਕ ਦਿੱਤਾ ਹੈ, ਜਦਕਿ ਆਪਣੇ ਖੇਤੀ ਅਤੇ ਡੇਅਰੀ ਉਤਪਾਦ ਬਿਨਾਂ ਰੋਕ-ਟੋਕ ਦੇ ਭਾਰਤੀ ਬਜ਼ਾਰਾਂ ਵਿੱਚ ਵੇਚ ਕੇ ਸਾਡੇ ਛੋਟੇ ਕਿਸਾਨਾਂ ਨੂੰ ਉਜਾੜਨਾ ਚਾਹੁੰਦਾ ਹੈ, ਪਰ ਮੋਦੀ ਹਾਲੇ ਵੀ ਡਟਵਾਂ ਸਟੈਂਡ ਲੈਣ ਦੀ ਬਜਾਏ ਖਾਮੋਸ਼ ਹਨ। ਉਹਨਾ ਕਿਹਾ ਕਿ ਇਹ ਸ਼ੰਕਾ ਬਣਿਆ ਹੋਇਆ ਹੈ ਕਿ ਕਮਜ਼ੋਰ ਵਿਦੇਸ਼ ਨੀਤੀ ਦੇ ਚੱਲਦੇ ਕੇਂਦਰ ਦੀ ਭਾਜਪਾ ਸਰਕਾਰ ਸਾਮਰਾਜੀ ਮੁਲਕਾਂ ਅੱਗੇ ਭਾਰਤ ਦੇ ਹਿੱਤ ਗਹਿਣੇ ਪਾ ਦੇਵੇਗੀ। ਉਨਾ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਅਗਲੇ ਮਹੀਨੇ ਚੰਡੀਗੜ੍ਹ ਵਿੱਚ ਹੋਣ ਜਾ ਰਹੇ ਆਲ ਇੰਡੀਆ ਮਹਾਂ-ਸੰਮੇਲਨ ਵਿੱਚ ਸਾਮਰਾਜਵਾਦ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ-ਖਸੁੱਟ ਖਿਲਾਫ਼ ਸਾਰੀਆਂ ਖੱਬੀਆਂ ਅਤੇ ਧਰਮ ਨਿਰਪੱਖ ਪਾਰਟੀਆਂ ਨੂੰ ਇਕਜੁੱਟ ਕਰਨ ਲਈ ਵਿਚਾਰਾਂ ਕੀਤੀਆਂ ਜਾਣਗੀਆਂ।
ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਦੱਸਿਆ ਕਿ 21 ਅਗਸਤ ਨੂੰ ਹੁਸੈਨੀਵਾਲਾ ਤੋਂ ਚੱਲਣ ਵਾਲਾ ਚੇਤਨਾ ਮਾਰਚ ਜੱਥਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੁੰਦਾ ਹੋਇਆ 24 ਅਗਸਤ ਨੂੰ ਫਰੀਦਕੋਟ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰੇਗਾ, ਜਿਸ ਨੂੰ ਲੈ ਕੇ ਪਹਿਲਾ ਜਲਸਾ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਦੁਪਹਿਰ ਤੋਂ ਪਹਿਲਾਂ ਕੀਤਾ ਜਾਵੇਗਾ। 24 ਅਗਸਤ ਨੂੰ ਹੀ ਦੁਪਹਿਰ ਬਾਅਦ 2: 00 ਵਜੇ ਦੂਜਾ ਜਲਸਾ ਫਰੀਦਕੋਟ ਦੇ ਸ਼ਹੀਦ ਕਾਮਰੇਡ ਅਮੋਲਕ ਭਵਨ ਵਿੱਚ ਕੀਤਾ ਜਾਵੇਗਾ। ਇਹਨਾਂ ਜਲਸਿਆਂ ਨੂੰ ਅਰਸ਼ੀ ਤੋਂ ਇਲਾਵਾ ਜਗਰੂਪ ਮੈਂਬਰ ਕੌਮੀ ਕੌਂਸਲ ਅਤੇ ਹੋਰ ਆਗੂ ਸੰਬੋਧਨ ਕਰਨਗੇ। ਮੀਟਿੰਗ ਨੂੰ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਮਾਸਟਰ ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ, ਪ੍ਰਦੀਪ ਸਿੰਘ ਬਰਾੜ, ਨਰੇਗਾ ਆਗੂ ਵੀਰ ਸਿੰਘ ਕੰਮੇਆਣਾ, ਸੁਖਦਰਸ਼ਨ ਰਾਮ, ਸ਼ਾਮ ਸੁੰਦਰ, ਬੋਹੜ ਸਿੰਘ ਔਲਖ, ਚਰਨਜੀਤ ਸਿੰਘ ਚੰਮੇਲੀ ਅਤੇ ਪੰਜਾਬ ਇਸਤਰੀ ਸਭਾ ਦੇ ਆਗੂ ਸ਼ਸ਼ੀ ਸ਼ਰਮਾ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ 25ਵੀਂ ਪਾਰਟੀ ਕਾਂਗਰਸ ਦੀ ਸਫਲਤਾ ਲਈ ਕੀਤੇ ਜਾ ਰਹੇ ਜਥਾ ਮਾਰਚ ਅਤੇ 21 ਸਤੰਬਰ ਨੂੰ ਮੁਹਾਲੀ ਦੀ ਸਬਜ਼ੀ ਮੰਡੀ ਵਿੱਚ ਹੋਣ ਜਾ ਰਹੀ ਸੂਬਾਈ ਰੈਲੀ ਨੂੰ ਤਨ-ਮਨ-ਧਨ ਨਾਲ ਕਾਮਯਾਬ ਕਰਨ ਦਾ ਪ੍ਰਣ ਕੀਤਾ।
ਹੋਰਨਾਂ ਤੋਂ ਇਲਾਵਾ ਮੁਖਤਿਆਰ ਸਿੰਘ ਭਾਣਾ, ਗੁਰਦੀਪ ਸਿੰਘ, ਜਗਤਾਰ ਸਿੰਘ ਰਾਜੋਵਾਲਾ, ਟਰੇਡ ਯੂਨੀਅਨ ਆਗੂ ਕੁਲਵੰਤ ਸਿੰਘ ਚਾਨੀ, ਸੋਮ ਨਾਥ ਅਰੋੜਾ ਅਤੇ ਬਲਕਾਰ ਸਿੰਘ ਸਹੋਤਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਮਾਸਟਰ ਸੁਖਚੈਨ ਸਿੰਘ ਥਾਂਦੇਵਾਲਾ ਨੇ ਆਪਣੇ ਭਰ ਜਵਾਨ ਉਮਰੇ ਸਦੀਵੀ ਵਿਛੋੜਾ ਦੇ ਗਏ ਬੇਟੇ ਬਲਜੋਤ ਪਾਲ ਸਿੰਘ ਅਤੇ ਭਤੀਜੇ ਤਰਕਦੀਪ ਸਿੰਘ ਦੀ ਯਾਦ ਵਿੱਚ ਪਾਰਟੀ ਕਾਂਗਰਸ ਲਈ ਦਸ ਹਜ਼ਾਰ ਰੁਪਏ ਦਾ ਚੈੱਕ ਪਾਰਟੀ ਆਗੂਆਂ ਨੂੰ ਸੌਂਪਿਆ। ਕਾਮਰੇਡ ਅਰਸ਼ੀ ਅਤੇ ਅਸ਼ੋਕ ਕੌਸ਼ਲ ਨੇ ਪਾਰਟੀ ਦੇ ਮਹਾਂ-ਸੰਮੇਲਨ ਲਈ ਮਦਦ ਦੇਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।