ਬਿਜਲੀ ਮੁਲਾਜ਼ਮਾਂ ਦੇ ਸਮੂਹਕ ਛੁੱਟੀ ’ਤੇ ਜਾਣ ਕਾਰਨ ਅਦਾਰੇ ਦਾ ਕੰਮ ਠੱਪ

0
58

ਪਟਿਆਲਾ : ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ’ਤੇ ਅਧਾਰਤ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ 24), ਪੈਨਸ਼ਨਰਜ਼ ਯੂਨੀਅਨ (ਸੰਬੰਧਤ ਏਟਕ), ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਪਾਵਰ ਟਰਾਂਸਮਿਸ਼ਨ ਇੰਪਲਾਈਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਮੁੱਚੇ ਪੰਜਾਬ ਅੰਦਰ ਬਿਜਲੀ ਕਾਮਿਆਂ ਵਲੋਂ ਲਗਾਤਾਰ ਦੂਸਰੇ ਦਿਨ ਸਮੂਹਕ ਛੁੱਟੀ ਲੈ ਕੇ ਵੱਖ ਵੱਖ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਜਾਰੀ ਰਹੇ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ 11 ਅਪ੍ਰੈਲ ਨੂੰ ਆਪਣਾ ਮੰਗ ਪੱਤਰ ਮੈਨੇਜਮੈਂਟ ਨੂੰ ਦਿੱਤਾ, ਜਿਸ ਉਪਰੰਤ 2 ਜੂਨ 25 ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਮੁਲਾਜ਼ਮ ਮੰਗਾਂ ਉੱਪਰ ਸਹਿਮਤੀਆਂ ਬਣੀਆਂ ਸਨ, ਪਰੰਤੂ ਦੋ ਮਹੀਨੇ ਤੋਂ ਉਪਰ ਸਮਾਂ ਲੰਘ ਜਾਣ ਉਪਰੰਤ ਵੀ ਸਹਿਮਤੀਆਂ ਲਾਗੂ ਨਹੀਂ ਕੀਤੀਆਂ ਗਈਆਂ, ਜਿਸ ਉਪਰੰਤ ਬਿਜਲੀ ਕਾਮਿਆਂ ਵੱਲੋਂ 25 ਜੂਨ ਤੋਂ ਵਰਕ ਟੂ ਰੂਲ ਮੁਤਾਬਕ ਆਪਣੀ ਬਣਦੀ ਡਿਊਟੀ ਕੀਤੀ ਜਾ ਰਹੀ ਹੈ ਅਤੇ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਅੰਮਿ੍ਰਤਸਰ ਰਿਹਾਇਸ਼ ਅੱਗੇ ਵਿਸ਼ਾਲ ਰੋਸ ਧਰਨਾ ਲਗਾਉਣ ਉਪਰੰਤ 11 ਅਗਸਤ ਤੋਂ 13 ਅਗਸਤ ਤੱਕ ਸਮੂਹਕ ਛੁੱਟੀ ’ਤੇ ਚੱਲ ਰਹੇ ਹਨ, ਕਈ ਸਰਕਲਾਂ ਵਿੱਚ 90% ਤੋਂ ਵੱਧ ਕਾਮੇ ਸਮੂਹਕ ਛੁੱਟੀ ’ਤੇ ਹਨ ।ਆਗੂਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਮੈਨੇਜਮੈਂਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲਾਗੂ ਕਰਨ ਦੀ ਥਾਂ ਟਕਰਾਅ ਦੀ ਨੀਤੀ ਅਪਣਾਈ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਮੰਗਾਂ ਜਿਵੇਂ ਹਜ਼ਾਰਾਂ ਖ਼ਾਲੀ ਅਸਾਮੀਆਂ ਉਪਰ ਰੈਗੂਲਰ ਭਰਤੀ ਨਹੀਂ ਕੀਤੀ ਜਾ ਰਹੀ, ਇੱਕੋ ਅਸਾਮੀ ਉਪਰ ਕੰਮ ਕਰ ਰਹੇ ਕਰਮਚਾਰੀਆਂ ਨਾਲ ਤਨਖਾਹਾਂ ਵਿੱਚ ਵਿਤਕਰਾ ਕੀਤਾ ਜਾ ਰਿਹਾ, 1997 ਤੋਂ ਮਹਿਕਮੇ ’ਚ ਕੰਮ ਕਰ ਰਹੇ ਕੰਟਰੈਕਟ ਮੀਟਰ ਰੀਡਰ, ਬੀ ਡੀ, ਕੈਸ਼ੀਅਰਾਂ ਨੂੰ ਸਪੈਸ਼ਲ ਕੰਟੀਜੈਂਟ ਨਹੀਂ ਬਣਾਇਆ ਜਾ ਰਿਹਾ, ਵੱਖ ਵੱਖ ਏਜੰਸੀਆਂ ਰਾਹੀਂ ਭਰਤੀ ਕੱਚੇ ਕਾਮੇ ਮਹਿਕਮੇ ਵਿੱਚ ਸਮਾਉਣ, ਸੋਲੇਸ਼ੀਅਮ ਪਾਲਿਸੀ ਤਹਿਤ ਭਰਤੀ ਕੀਤੇ ਕਾਮਿਆਂ ਉੱਪਰ 12% ਵਿਆਜ ਦੀ ਅਣਮਨੁੱਖੀ ਸ਼ਰਤ ਹਟਾਉਣ, ਮੁਲਾਜ਼ਮਾਂ ਦੇ ਡੀ ਏ/ਭੱਤੇ, ਸੋਧੇ ਸਕੇਲਾਂ ਦੇ ਪੈਨਸ਼ਨ/ਤਨਖਾਹ ਦੇ ਏਰੀਅਰ, ਗਰਿੱਡ/ਫੀਲਡ/ਦਫਤਰੀ ਸਟਾਫ ਦੀਆਂ ਮੰਗਾਂ, ਪੈਨਸ਼ਨਰਾਂ ਦੇ ਵਿਕਾਸ ਟੈਕਸ ਆਦਿ ਮੰਗਾਂ ਨੂੰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਸਹਿਮਤੀ ਹੋਣ ਤੋਂ ਬਾਅਦ ਲਾਗੂ ਕਰਨ ਤੋਂ ਇਨਕਾਰ ਕਰ ਰਹੀ ਹੈ।ਜਿਸ ਕਰਕੇ ਸਮੁੱਚੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਹੋਈਆਂ ਸਹਿਮਤੀਆਂ ਲਾਗੂ ਨਾ ਕੀਤੀਆਂ ਤਾਂ ਜਥੇਬੰਦੀ ਵੱਲੋਂ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਜਥੇਬੰਦੀਆਂ ਦੇ ਆਗੂਆਂ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਰਣਜੀਤ ਸਿੰਘ ਢਿੱਲੋਂ, ਗੁਰਭੇਜ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਕੁਲਵਿੰਦਰ ਸਿੰਘ ਢਿੱਲੋਂ, ਸੁਰਿੰਦਰਪਾਲ ਲਾਹੌਰੀਆ, ਸੁਖਵਿੰਦਰ ਸਿੰਘ ਚਾਹਲ, ਬਲਜੀਤ ਸਿੰਘ ਮੋਦਲਾ, ਰਵੇਲ ਸਿੰਘ ਸਹਾਏਪੁਰ, ਕੌਰ ਸਿੰਘ ਸੋਹੀ, ਦੇਵਿੰਦਰ ਸਿੰਘ ਪਿਸ਼ੌਰ, ਪਵਨਪ੍ਰੀਤ ਸਿੰਘ, ਗੁਰਤੇਜ ਸਿੰਘ ਪੱਖੋਂ, ਗੁਰਪਿਆਰ ਸਿੰਘ, ਬੀ ਐਸ ਸੇਖੋਂ, ਰਾਧੇ ਸ਼ਿਆਮ, ਇੰਜ: ਮਨਿੰਦਰਜੀਤ ਸਿੰਘ ਆਦਿ ਨੇ ਰੋਸ ਰੈਲੀਆਂ ਨੂੰ ਵੀ ਸੰਬੋਧਨ ਕੀਤਾ।