ਲੋਕਤੰਤਰ ’ਤੇ ਸਵਾਲੀਆ ਨਿਸ਼ਾਨ

0
148

ਸਰਕਾਰ ਦੀ ਨਜ਼ਰ ਵਿੱਚ ਦੇਸ਼ਧ੍ਰੋਹੀ ਉਮਰ ਖਾਲਿਦ ਨੇ 11 ਅਗਸਤ ਨੂੰ ਆਪਣਾ 38ਵਾਂ ਜਨਮ ਦਿਨ ਤਿਹਾੜ ਜੇਲ੍ਹ ’ਚ ਮਨਾਇਆ। ਇਹ ਲਗਾਤਾਰ ਪੰਜਵਾਂ ਜਨਮ ਦਿਨ ਸੀ, ਜਿਹੜਾ ਉਸ ਨੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਮਨਾਇਆ। ਵਿਦਿਆਰਥੀਆਂ ਵਿੱਚ ਅਲੋਚਨਾਤਮਕ ਵਿਵੇਕ ਜਾਗਰਤ ਕਰਨ ਲਈ ਮਸ਼ਹੂਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਤੋਂ ਉਮਰ ਨੇ ‘ਆਦਿਵਾਸੀਆਂ ਦਾ ਜ਼ੋਰ ਤੇ ਝਾਰਖੰਡ ਰਾਜ ਦਾ ਨਿਰਮਾਣ’ ਵਿਸ਼ੇ ’ਤੇ ਪੀ ਐੱਚ ਡੀ ਕੀਤੀ ਹੈ। ਇਹ ਵਿਸ਼ਾ ਉਸ ਦੀ ਸਮਾਜੀ ਨਿਆਂ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਦਾ ਹੈ, ਪਰ ਉਮਰ ਦੀ ਸਰਗਰਮੀ ਤੇ ਸਰਕਾਰ ਦੀ ਅਲੋਚਨਾ ਨੇ ਉਸ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ। 13 ਸਤੰਬਰ 2020 ਨੂੰ ਦਿੱਲੀ ਪੁਲਸ ਨੇ ਉਮਰ ਖਾਲਿਦ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਤਹਿਤ ਗਿ੍ਰਫਤਾਰ ਕੀਤਾ ਸੀ। ਦੋਸ਼ ਸੀ ਕਿ ਫਰਵਰੀ 2020 ਵਿੱਚ ਉੱਤਰ-ਪੂਰਬੀ ਦਿੱਲੀ ’ਚ ਹੋਈ ਹਿੰਸਾ ਪਿੱਛੇ ਉਮਰ ‘ਮੁੱਖ ਸਾਜ਼ਿਸ਼ਕਰਤਾ’ ਸੀ, ਪਰ ਤੱਥ ਦੱਸਦੇ ਹਨ ਕਿ ਉਮਰ ਉਦੋਂ ਦਿੱਲੀ ਵਿੱਚ ਸੀ ਹੀ ਨਹੀਂ। ਉਹ ਅਮਰਾਵਤੀ ਵਿੱਚ ਇੱਕ ਪੁਰ-ਅਮਨ ਸਭਾ ਨੂੰ ਸੰਬੋਧਨ ਕਰ ਰਿਹਾ ਸੀ। ਦਿੱਲੀ ਪੁਲਸ ਦੀ ਚਾਰਜਸ਼ੀਟ ਵਿੱਚ ਉਮਰ ’ਤੇ ਲਾਏ ਗਏ ਦੋਸ਼ਾਂ ਦਾ ਕੋਈ ਠੋਸ ਸਬੂਤ ਨਹੀਂ ਹੈ। ਚਾਰਜਸ਼ੀਟ ਮੁਤਾਬਕ ਉਸ ਨੇ ਅਮਰਾਵਤੀ ਵਿੱਚ ਭੜਕਾਊ ਭਾਸ਼ਣ ਦਿੱਤਾ। ਅਸਲ ਵਿੱਚ ਉਮਰ ਨੇ ਉੱਥੇ ਕਿਹਾ ਸੀ, ‘ਅਸੀਂ ਨਫਰਤ ਖਿਲਾਫ ਪਿਆਰ ਨਾਲ ਲੜਨਾ ਹੈ।’ ਇਹ ਦੇਸ਼ ਪ੍ਰੇਮ ਨੂੰ ਦਰਸਾਉਦਾ ਹੈ, ਨਾ ਕਿ ਹਿੰਸਾ ਨੂੰ।
ਉਮਰ ਪੰਜ ਸਾਲ ਤੋਂ ਜੇਲ੍ਹ ਵਿੱਚ ਹੈ, ਪਰ ਅਜੇ ਤੱਕ ਮੁਕੱਦਮਾ ਸ਼ੁਰੂ ਨਹੀਂ ਹੋਇਆ। ਉਸ ਦੀਆਂ ਜ਼ਮਾਨਤ ਅਰਜ਼ੀਆਂ ਤੱਕ ਸੁਪਰੀਮ ਕੋਰਟ ਤੱਕ ਨੇ ਕੁਝ ਨਹੀਂ ਕੀਤਾ। ਸਿਰਫ ਦਸੰਬਰ 2024 ਵਿੱਚ ਇੱਕ ਵਾਰ ਉਸ ਨੂੰ ਰਿਸ਼ਤੇਦਾਰ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਹਫਤੇ ਦੀ ਅੰਤਰਮ ਜ਼ਮਾਨਤ ਮਿਲੀ ਸੀ। ਸੁਪਰੀਮ ਕੋਰਟ ਦਾ ਸਿਧਾਂਤ ‘ਜ਼ਮਾਨਤ ਨਿਯਮ ਹੈ, ਜੇਲ੍ਹ ਅਪਵਾਦ’ ਉਮਰ ਦੇ ਮਾਮਲੇ ਵਿੱਚ ਉਲਟਾ ਹੋ ਗਿਆ ਹੈ। ਸੁਪਰੀਮ ਕੋਰਟ ਖੁਦ ਕਹਿ ਚੁੱਕੀ ਹੈ ਕਿ ਹਿੰਸਾ ਭੜਕਾਉਣ ਦੇ ਇਰਾਦੇ ਦੇ ਬਿਨਾਂ ਨਾਅਰੇ ਲਾਉਣੇ ਦੇਸ਼ਧ੍ਰੋਹ ਨਹੀਂ। ਇਸ ਦੇ ਬਾਵਜੂਦ ਇੱਕ ਨੌਜਵਾਨ ਨੂੰ ਜ਼ਮਾਨਤ ਨਾ ਮਿਲਣੀ ਸੰਵਿਧਾਨ ਦਾ ਮਖੌਲ ਨਹੀਂ ਤਾਂ ਹੋਰ ਕੀ ਹੈ?
ਉਮਰ ਨੇ ਜੇਲ੍ਹ ਵਿੱਚੋਂ ਲਿਖੇ ਇੱਕ ਪੱਤਰ ਵਿੱਚ ਰੂਸੀ ਲੇਖਕ ਫਿਓਦੋਰ ਦੋਸਤੋਵਸਕੀ ਦੇ ਨਾਵਲ ‘ਦੀ ਹਾਊਸ ਆਫ ਦੀ ਡੈੱਡ’ ਦਾ ਜ਼ਿਕਰ ਕੀਤਾ, ਜਿਸ ਵਿੱਚ ਸਾਇਬੇਰੀਆਈ ਜੇਲ੍ਹ ਦੇ ਅਨੁਭਵਾਂ ਦਾ ਵਰਨਣ ਹੈ। ਉਮਰ ਨੇ ਦੋਸਤੋਵਸਕੀ ਦੇ ਹਵਾਲੇ ਨਾਲ ਲਿਖਿਆ, ‘ਅਸੀਂ ਜ਼ਿੰਦਾ ਹੁੰਦੇ ਹੋਏ ਵੀ ਜ਼ਿੰਦਾ ਨਹੀਂ ਹਾਂ ਅਤੇ ਅਸੀਂ ਆਪਣੀਆਂ ਕਬਰਾਂ ਵਿੱਚ ਨਹੀਂ ਹਾਂ, ਹਾਲਾਂਕਿ ਅਸੀਂ ਮਰ ਚੁੱਕੇ ਹਾਂ।’
ਉਮਰ ਖਾਲਿਦ ਦਾ ਚਿਹਰਾ ਇੱਕ ਸਵਾਲ ਬਣ ਕੇ ਖੜ੍ਹਾ ਹੈਸੰਵਿਧਾਨ ਵਿੱਚ ਦਿੱਤੀ ਗਈ ਆਜ਼ਾਦੀ ਦਾ ਕੀ ਹੋਇਆ? ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਸੰਕਲਪ ਕਿੱਥੇ ਗਿਆ? ਪੰਜ ਸਾਲ ਸਲਾਖਾਂ ਦੇ ਪਿੱਛੇ ਬੀਤ ਗਏ, ਹੋਰ ਕਿੰਨੇ ਬੀਤਣਗੇ? ਜੇਲ੍ਹ ਵਿੱਚ ਕੱਟੀ ਗਈ ਉਮਰ ਦੀ ਜ਼ਿੰਦਗੀ ਦਾ ਹਿਸਾਬ ਕੌਣ ਦੇਵੇਗਾ? ਕੀ ਇਹ ਇੱਕ ਹੋਣਹਾਰ ਨੌਜਵਾਨ ਨੂੰ ਤੋੜਨ ਦੀ ਸਾਜ਼ਿਸ਼ ਹੈ? ਇਤਿਹਾਸ ਇਸ ਅਪਰਾਧ ਦਾ ਜਵਾਬ ਜ਼ਰੂਰ ਮੰਗੇਗਾਅੱਜ ਨਹੀਂ ਤਾਂ ਭਲਕੇ।