ਪਟਿਆਲਾ (ਸੁਰਜੀਤ ਸਿੰਘ)
ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਦੀ ਮੈਨੇਜਮੈਂਟ ਅਤੇ ਜਾਇੰਟ ਫੋਰਮ ਦੇ ਨੁਮਾਇੰਦਿਆ ਦਰਮਿਆਨ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ। ਟਰਾਂਸਕੋ ਮੈਨੇਜਮੈਂਟ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇਣ ਉਪਰੰਤ ਜਾਇੰਟ ਫੋਰਮ ਨੇ ਸੰਘਰਸ਼ ਪ੍ਰੋਗਰਾਮ ਮੁਲਤਵੀ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਟਰਾਂਸਕੋ ਮੈਨੇਜਮੈਂਟ ਵੱਲੋਂ ਵਿਨੋਦ ਬਾਂਸਲ ਡਾਇਰੈਕਟਰ ਵਿੱਤ ਅਤੇ ਪ੍ਰਬੰਧਕੀ, ਇੰਜ: ਕੁਲਦੀਪ ਸਿੰਘ ਨਿਗਰਾਨ ਇੰਜੀਨੀਅਰ ਪ੍ਰਬੰਧਕੀ, ਇੰਜ: ਹਰਬੀਰ ਸਿੰਘ ਸੀਨੀਅਰ ਕਾਰਜਕਾਰੀ ਇੰਜੀਨੀਅਰ ਪ੍ਰਸੋਨਲ, ਇੰਜ: ਗੁਰਪ੍ਰੀਤ ਕੌਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਪ੍ਰਬੰਧਕੀ ਅਤੇ ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ ਵੱਲੋਂ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਪਾਲ ਸਿੰਘ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ ਲਹਿਰਾ, ਕੌਰ ਸਿੰਘ ਸੋਹੀ, ਰਾਮ ਲੁਭਾਇਆ, ਹਰਮੇਸ਼ ਧੀਮਾਨ, ਹਰਜੀਤ ਸਿੰਘ ਲੁਧਿਆਣਾ, ਜਗਜੀਤ ਸਿੰਘ ਕੰਡਾ ਅਤੇ ਜਗਦੀਪ ਸਿੰਘ ਸਹਿਗਲ ਆਦਿ ਸ਼ਾਮਲ ਹੋਏ। ਟਰਾਂਸਕੋ ਮੈਨੇਜਮੈਂਟ ਨੇ ਕਿਹਾ ਕਿ ਟਰਾਂਸਕੋ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਪੈਟਰਨ ’ਤੇ ਛੇਵੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 15 ਫੀਸਦੀ ਦਾ ਵਾਧਾ ਕਰਕੇ ਤਨਖਾਹ ਸਕੇਲ ਅਤੇ ਬਕਾਇਆ ਪਹਿਲ ਦੇ ਆਧਾਰ ’ਤੇ ਦਿੱਤਾ ਜਾਵੇਗਾ। ਰੀਸਟਰਕਚਰਿੰਗ ਦੀ ਪਾਲਿਸੀ ਅਧੀਨ ਖਤਮ ਕੀਤੀਆਂ ਪੋਸਟਾਂ ਵਿਚਾਰੀਆਂ ਜਾਣਗੀਆਂ ਅਤੇ ਜਾਇੰਟ ਫੋਰਮ ਤੋਂ ਸੁਝਾਅ ਲਏ ਜਾਣਗੇ, ਯੋਗ ਮੁਲਾਜ਼ਮਾਂ ਨੂੰ ਬੋਨਸ ਦਿੱਤਾ ਜਾਵੇਗਾ। ਕਲੈਰੀਕਲ ਅਤੇ ਟੈਕਨੀਕਲ ਮੁਲਾਜ਼ਮਾਂ ਦੀਆਂ ਬਣਦੀਆਂ ਤਰੱਕੀਆਂ ਜਲਦੀ ਕੀਤੀਆਂ ਜਾਣਗੀਆਂ। ਟਰਾਂਸਕੋ ਵਿੱਚ ਡੈਪੂਟੇਸ਼ਨ ’ਤੇ ਕੰਮ ਕਰਦੇ ਪਾਵਰਕਾਮ ਕਰਮਚਾਰੀਆਂ ਨੂੰ ਤਰੱਕੀ ਸਮੇਂ ਆਉਂਦੀਆਂ ਦਿੱਕਤਾਂ ਦੂਰ ਕਰਕੇ ਸਮੇਂ ਸਿਰ ਰਲੀਵ ਕੀਤਾ ਜਾਵੇਗਾ। ਟੈਕਨੀਕਲ ਕਰਮਚਾਰੀਆਂ ਸਹਾਇਕ ਲਾਈਨਮੈਨ, ਲਾਈਨਮੈਨ ਆਦਿ ਅਤੇ ਕਲੈਰੀਕਲ ਕਾਮਿਆਂ ਤੋਂ ਟੀ ਟੀ ਆਈ ਕਰਵਾਉਣ ਲਈ ਪਾਵਰਕਾਮ ਨੂੰ ਪੱਤਰ ਲਿਖ ਕੇ ਟ੍ਰੇਨਿੰਗ ਕਰਵਾਉਣ ਅਤੇ ਫੀਲਡ ਦਫਤਰਾਂ ਵੱਲੋਂ ਲਗਾਏ ਇਤਰਾਜ਼ ਦੂਰ ਕੀਤੇ ਜਾਣਗੇ। ਜਾਇੰਟ ਫੋਰਮ ਨਾਲ ਮੀਟਿੰਗ ਸਮੇਂ ਪਾਵਰਕਾਮ ਮੈਨੇਜਮੈਂਟ ਨਾਲ ਟਰਾਂਸਕੋ ਮੈਨੇਜਮੈਂਟ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਪਾਵਰਕਾਮ ਵੱਲੋਂ ਪਦ ਉਨਤ ਕਾਮਿਆਂ ਨੂੰ ਸਮੇਤ ਇੰਜੀਨੀਅਰਜ਼ ਨੂੰ ਟਰਾਂਸਕੋ ਵਿੱਚ ਜਾਇੰਨ ਕਰਨ ’ਤੇ ਲੱਗੀ ਪਾਬੰਦੀ ਹਟਾਉਣ ਬਾਰੇ ਵਿਚਾਰਿਆ ਜਾਵੇਗਾ। ਪਾਵਰਕਾਮ ਵੱਲੋਂ ਤਨਖਾਹ ਸਕੇਲਾਂ ਸੰਬੰਧੀ ਜਾਰੀ ਕੀਤੇ ਸਰਕੂਲਰ/ ਕਲੈਰੀਫਿਕੇਸ਼ਨਾਂ ਟਰਾਂਸਕੋ ਵੱਲੋਂ ਸਮੇਂ ਸਿਰ ਅਪਣਾਉਣ ਅਤੇ ਤਿੰਨ ਧਿਰੀ ਸਮਝੋਤੇ ਦੇ ਪਾਲਣ ਕਰਨ ਦਾ ਭਰੋਸਾ ਦਿੱਤਾ। ਵੱਖ-ਵੱਖ ਕੇਡਰਾਂ, ਜਿਵੇਂ ਆਰ ਟੀ ਐੱਮ, ਏ ਐੱਸ ਐੱਸ ਏ, ਐੱਸ ਐੱਸ ਏ, ਐੱਸ ਐੱਸ ਓ, ਸ ਲ ਮ, ਲ ਮ, ਜੇ ਈ-2, ਜੇ ਈ-1, ਐੱਲ ਡੀ ਸੀ, ਯੂ ਡੀ ਸੀ, ਸੀਨੀਅਰ ਸਹਾਇਕ, ਸੁਪਰਡੈਂਟ ਗਰੇਡ-1 ਅਤੇ ਹੋਰ ਅਸਾਮੀਆ ਦੀ ਬਣਦੀ ਤਰੱਕੀ ਕੀਤੀ ਜਾਵੇਗੀ। ਦੋਨੋਂ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਦੇ ਸਾਂਝੇ ਮਸਲੇ ਦੋਨੋਂ ਮੈਨੇਜਮੈਂਟਾਂ ਵੱਲੋਂ ਵਿਚਾਰ ਕੇ ਹੱਲ ਕੀਤੇ ਜਾਣਗੇ।
ਕਰਮ ਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਜੇਕਰ ਟਰਾਂਸਕੋ ਮੈਨੇਜਮੈਂਟ ਨੇ ਦਿੱਤੇ ਭਰੋਸੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਮੁਅੱਤਲ ਸੰਘਰਸ਼ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਟਰਾਂਸਕੋ ਮੈਨੇਜਮੈਂਟ ਦੀ ਹੋਵੇਗੀ।